ਜਿਥੇ ਜਿਥੇ ਲੱਗ ਸਕਦੇ ਸੀ ਲਾ ਦਿੱਤੇ ਨੇ ਸ਼ੀਸ਼ੇ

ਜਿਥੇ ਜਿਥੇ ਲੱਗ ਸਕਦੇ ਸੀ ਲਾ ਦਿੱਤੇ ਨੇ ਸ਼ੀਸ਼ੇ
ਬਾਕੀ ਦੇ ਮੈਂ ਹਰਫ਼ਾਂ ਨਾਲ਼ ਬਣਾ ਦਿੱਤੇ ਨੇ ਸ਼ੀਸ਼ੇ

ਤੂੰ ਹਾਲੇ ਵੀ ਪੱਥਰਾਂ ਦੇ ਈ ਰਾਗਾਂ ਵਿਚ ਏਂ ਫਿਰਦਾ
ਮੈਂ ਤੇ ਖ਼ੋਰੇ ਕਿੱਥੇ ਕਿੱਥੇ ਗਾ ਦਿੱਤੇ ਨੇ ਸ਼ੀਸ਼ੇ

ਵੇਖ ਲਿਆ ਜੇ ਹੋ ਜਾਣਾ ਏ ਸਭ ਕੁਝ ਸ਼ੀਸ਼ਾ ਸ਼ੀਸ਼ਾ
ਹੌਲੀ ਹੌਲੀ ਏਨੇ ਕੁ ਵਰਤਾ ਦਿੱਤੇ ਨੇ ਸ਼ੀਸ਼ੇ

ਸਾਰੇ ਜੱਗ ਦੀ ਧੂੜ ਦੇ ਵਿਚ ਵੀ ਮਿਲੇ ਹੋ ਨਹੀਂ ਸਕਦੇ
ਇਕੋ ਘਰ ਨੇ ਜੱਗ ਤੇ ਜੋ ਚਮਕਾ ਦਿੱਤੇ ਨੇ ਸ਼ੀਸ਼ੇ

ਲਈ ਫਿਰਨੇ ਆਂ ਦਿਲ ਤੇ ਅੱਖ ਨੂੰ ਉਂਜ ਪਰ ਕਿਹਨੂੰ ਦੱਸੀਏ
ਕਿੰਨੇ ਚਿਰ ਤੋਂ ਸੱਜਣਾਂ ਨੇ ਤਿੜਕਾ ਦਿੱਤੇ ਨੇ ਸ਼ੀਸ਼ੇ

ਜੇ ਨਾ ਅਪਣਾ ਆਪ ਸੀਹਾਨਨ ਇਹ ਲੋਕਾਂ ਦੀ ਮਰਜ਼ੀ
ਵੇਲੇ ਨੇ ਤੇ ਕਈ ਕਈ ਵਾਰ ਵਖ਼ਾ ਦਿੱਤੇ ਨੇ ਸ਼ੀਸ਼ੇ

ਅੰਨ੍ਹਿਆਂ ਨੂੰ ਵੀ ਦਿਸਦੇ ਪਏ ਨੇ ਸੰਧੂ ਇੱਕ ਇੱਕ ਕਰਕੇ
ਕਿੱਥੇ ਸਨ ਤੇ ਕਿਥੋਂ ਤੱਕ ਅੱਪੜਾ ਦਿੱਤੇ ਨੇ ਸ਼ੀਸ਼ੇ