ਭ ਦੇ ਸਾਂਝੇ ਰੁੱਖ ਤੇ ਸਭ ਦੀ ਸਾਂਝੀ ਛਾਂ ਸੀ ਪੁੱਤਰਾ

ਸਭ ਦੇ ਸਾਂਝੇ ਰੁੱਖ ਤੇ ਸਭ ਦੀ ਸਾਂਝੀ ਛਾਂ ਸੀ ਪੁੱਤਰਾ
ਏਸੇ ਲਈ ਤੇ ਜੰਨਤ ਪਿੰਡ ਦਾ ਦੂਜਾ ਨਾਂ ਸੀ ਪੁੱਤਰਾ

ਸਾਡੇ ਵੇਲੇ ਪੱਗਾਂ ਵਾਲੇ ਪੱਤਾਂ ਦੇ ਸਨ ਰਾਖੇ
ਸਾਡੇ ਵੇਲੇ ਹੁੰਦਾ ਏਨਾ ਸੁੱਖ ਵੀ ਤਾਂ ਸੀ ਪੁੱਤਰਾ

ਇੱਕ ਦੂਜੇ ਤੋਂ ਵੱਧ ਕੇ ਸਾਡੀ ਅੱਖ ਹਯਾਅ ਸੀ ਕਰਦੀ
ਇੱਕ ਦੂਜੇ ਲਈ ਸਾਡੀ ਦਿਲ ਵਿਚ ਵਾਧੂ ਥਾਂ ਸੀ ਪੁੱਤਰਾ

ਵੇਹਲੇ ਹੱਥ ਸਰਦਾਰੀ ਲੈ ਗਏ ਕੰਮ ਦੇ ਰਹਿ ਗਏ ਕੰਮੀ
ਉਂਜ ਤੇ ਸਾਡਾ ਸਭ ਦਾ ਇੱਕ ਈ ਪਿਓ ਤੇ ਮਾਂ ਸੀ ਪੁੱਤਰਾ

ਜਿਹਨਾਂ ਸਾਥੋਂ ਚੂਰੀ ਖਾ ਕੇ ਸਾਨੂੰ ਈ ਵੱਖ ਕੀਤਾ
ਉਨ੍ਹਾਂ ਵਿਚੋਂ ਕੁਝ ਤੇ ਸਾਡੇ ਆਪਣੇ ਕਾਂ ਸੀ ਪੁੱਤਰਾ

ਸਾਨੂੰ ਵੰਡ ਕੇ ਬਣ ਗਏ ਏਥੇ ਉਹ ਜਾਗੀਰਾਂ ਵਾਲੇ
ਉਹਨੀਂ ਵਕਤੀਂ ਜਿਹਨਾਂ ਕੋਲ਼ ਨਹੀਂ ਇੱਕ ਘੁਮਾਂ ਸੀ ਪੁੱਤਰਾ

ਸੰਧੂ ਤੈਨੂੰ ਕੀ ਕੀ ਦੱਸੇ ਖੰਡ ਵਿਖਾ ਕੇ ਸਾਨੂੰ
ਵੰਡਣ ਵੇਲੇ ਜ਼ਹਿਰ ਵੰਡੀਜੇ ਦੋਹਾਂ ਦਾਂ ਸੀ ਪੁੱਤਰਾਂ