ਪਿੰਡ ਵਿਚ ਰਹਿ ਗਈਆਂ ਨਜ਼ਮਾਂ

ਕਿੱਕਰਾਂ ਦੀ ਲੁੰਗ ਖਾਂਦੀਆਂ ਬੱਕਰੀਆਂ ਕੋਲ਼ ਬੈਠੇ
ਛੇੜੋ ਦੀਆਂ ਨਜ਼ਮਾਂ
ਨਹਿਰ ਤੋਂ ਡੰਗਰਾਂ ਨੂੰ ਪਾਣੀ ਪਿਆ ਕੇ ਮੁੜਦੇ
ਬਾਬੇ ਦੀਆਂ ਨਜ਼ਮਾਂ
ਵਿਹੜੇ ਚਿ ਟੁਰਦੀ ਫਿਰਦੀ ਬੇਬੇ ਦੀ ਸੋਟੀ ਦੀਆਂ ਨਜ਼ਮਾਂ
ਸੂਰਜ ਨਿਕਲਣ ਤੋਂ ਪਹਿਲਾਂ
ਨਿਰਨੇ ਕਾਲਜੇ ਸੀਂ ਲਾਂਦੇ
ਹਾਲ਼ੀ ਦੀਆਂ ਨਜ਼ਮਾਂ
ਗੁੰਘਰੂਾਂ ਵਾਲੀਆਂ ਦਾਤਰੀਆਂ ਨਾਲ਼ ਕਣਕਾਂ ਵਡ਼ਦੇ
ਵਾਢੀਆਂ ਦੀਆਂ ਨਜ਼ਮਾਂ
ਅੱਧੀ ਰਾਤੀਂ ਸੱਪਾਂ ਦੀਆਂ ਸਿਰੀਆਂ ਮਿੱਧਦੇ
ਪਾਣੀ ਵਾਰੇ ਦੀਆਂ ਨਜ਼ਮਾਂ
ਫ਼ਸਲਾਂ ਵਿਚਕਾਰ ਰਾਖੀ ਲਈ ਬਣੇ
ਛਮਨਨੇ ਦੀਆਂ ਨਜ਼ਮਾਂ
ਸ਼ਾਮੀਂ ਛੇੜਾਂ ਦੇ ਪਰਤਨ ਵੇਲੇ
ਖੜਕਦੀਆਂ ਟੱਲੀਆਂ ਦੇ
ਰੇਨੀਆਂ ਦੀਆਂ ਨਜ਼ਮਾਂ
ਕਪਾਹ ਚੁਗਦੀਆਂ ਚੂੜਾ ਚਨਕਾਂਦੀਆਂ
ਗੋਰੀਆਂ ਬਾਂਹਵਾਂ ਦੀਆਂ ਨਜ਼ਮਾਂ
ਖੂਹ ਨੂੰ ਜਾਂਦਿਆਂ ਵਲਾਵੇਂ ਖਾਂਦੇ ਲੱਕ ਤੇ ਏਧਰ ਓਧਰ ਵੱਜਦੇ
ਪਰਾਂਦੇ ਦੀਆਂ ਨਜ਼ਮਾਂ
ਨਹਿਰ ਦੇ ਕੰਢੇ ਮੋਮੀ ਕਾਗਤ ਤੇ ਲੀੜੇ ਧੋਂਦੀ
ਰੁੱਤ ਦੀਆਂ ਨਜ਼ਮਾਂ
ਪੀਠੀ ਲੱਗੀ ਤੰਦੂਰ ਚ ਪੱਕਦੀ ਰੋਟੀ ਚੋਂ
ਨਿਕਲਦੀ ਖ਼ੁਸ਼ਬੂ ਦੀਆਂ ਨਜ਼ਮਾਂ
ਡੀਗਰ ਵੇਲੇ ਪਿੰਡ ਦੀ ਗੁੱਠ ਤੇ ਭੱਠੀ ਚ
ਭੁਝਦੇ ਦਾਣਿਆਂ ਦੀਆਂ ਨਜ਼ਮਾਂ
ਪਿੜਾਂ ਤੋਂ ਟੋਪੇ ਲੈ ਕੇ ਹੱਟੀਆਂ ਤੋਂ ਖਾਦੇ
ਮਰੂੰਡਿਆਂ ਦੀਆਂ ਨਜ਼ਮਾਂ
ਬੇਰਾਂ ਥਲੋਂ ਚੁਗੀਂਦੇ
ਕਾਠੇ ਬੇਰਾਂ ਦੀਆਂ ਨਜ਼ਮਾਂ
ਗੰਢ ਮੰਗਣੀਆਂ ਤੇ ਵਡੀਂਦੀਆਂ ਘੁੰਗਣੀਆਂ ਦੀਆਂ ਨਜ਼ਮਾਂ
ਵਿਆਹ ਵਾਲੇ ਘਰ ਪੂਰੇ ਪਿੰਡ ਵੱਲੋਂ ਅਪੜਾਏ ਜਾਣ ਵਾਲੇ
ਦੁੱਧ ਦੀਆਂ ਨਜ਼ਮਾਂ
ਬਾਲਾਂ ਦੇ ਤਾਪ ਸਰਾਪ ਵੇਲੇ ਮੌਲਵੀ ਹੋਰਾਂ ਤੋਂ
ਦਮ ਕਰਾਈ ਖੰਡ ਦੀਆਂ ਨਜ਼ਮਾਂ
ਕੋਠੇ ਉਸਾਰਨ ਵੇਲੇ
ਪੈਂਦੀ ਵੰਗਾਰ ਦੀਆਂ ਨਜ਼ਮਾਂ
ਪੋਹ ਮਾਘੀਂ ਧੁਵਿਆਂ ਦੁਆਲੇ ਪਏ ਮੋੜ੍ਹਿਆਂ ਦੀਆਂ ਨਜ਼ਮਾਂ
ਫ਼ਲਾਤੋ ਰੰਗ ਤੇ ਕਰੁੰਡ ਫਿਰੇ
ਚੌਂਤਰ ਤੇ ਅਨੀਆਂ ਦੀਆਂ ਨਜ਼ਮਾਂ
ਘੜਵੰਜੀਆਂ ਤੇ ਪਏ ਕੋਰਿਆਂ ਘੜਿਆਂ ਦੇ
ਪਾਣੀ ਦੀਆਂ ਨਜ਼ਮਾਂ
ਆਪੂ ਸ਼ਟਾਪੂ ਖੇਡਦੀਆਂ ਕੁੜੀਆਂ ਤੇ
ਪਰਾਲ਼ੀ ਦੇ ਅੰਡਿਆਂ ਤੇ ਬਾ ਕੇ ਗੰਨੇ ਚੂਪਦੇ
ਮੰਡਿਆਂ ਦੀਆਂ ਨਜ਼ਮਾਂ
ਤੇ ਕਿੰਨੀਆਂ ਹੋਰ ਨਜ਼ਮਾਂ ਜਿਹੜੀਆਂ ਪਿੰਡ ਵਿਚ ਰਹਿ ਗਈਆਂ