ਸੈਫ਼ਾਲ ਮਲੂਕ

ਗ਼ਜ਼ਲ

ਜੇ ਮਹਿਬੂਬ ਪਿਆਰਾ ਹਿੱਕ ਦਿਨ, ਵਸੇ ਨਾਲ਼ ਅਸਾਡੇ
ਜਾਨਾਂ ਅੱਜ ਹੁਮਾ ਪਖੇਰੂ, ਫਾਥਾ ਜਾਲ਼ ਅਸਾਡੇ

ਮਿਸਲ ਹਬਾਬ ਸਿਰੋਂ ਸੁੱਟ ਟੋਪੀ, ਜਲ਼ ਖ਼ੁਸ਼ੀਆਂ ਦੇ ਡੱਬਾਂ
ਪਏ ਪਿੱਛਾਵਾਂ ਉਸ ਦਾ ਜੇ ਵਿਚ, ਜਾਮ ਜ਼ਲਾਲ ਅਸਾਡੇ

ਚੜ੍ਹ ਚਿੰਨ੍ਹ! ਤੇ ਕਰ ਰੁਸ਼ਨਾਈ, ਕਾਲ਼ੀ ਰਾਤ ਹਿਜਰ ਦੀ
ਸ਼ਮ੍ਹਾ ਜਮਾਲ ਕਮਾਲ ਸੱਜਣ ਦੀ, ਆ ਘਰ ਬਾਲ ਅਸਾਡੇ

ਦਿਲਬਰ ਦੇ ਦਰਜਾ-ਏ-ਨਾ ਸਕਦੇ, ਹੂਰਾਂ ਮੁਲਕ ਅਸਮਾਨੀ
ਕਦ ਮਜਾਲ ਸਲਾਮ ਕਰਨ ਦੀ, ਮਿਸਲ ਕੰਗਾਲ ਅਸਾਡੇ

ਸੋਹਣੀ ਸੂਰਤ ਵੇਖ ਲਬਾਂ ਤੋਂ, ਵਾਰੀ ਜਾਨ ਪਿਆਰੀ
ਮੱਤ ਹਿੱਕ ਘੁਟ ਲੱਭੇ ਇਸ ਜਾਮੋਂ, ਇਹ ਖ਼ਿਆਲ ਅਸਾਡੇ

ਕਹਿੰਦਾ ਫੇਰ ਖ਼ਿਆਲ ਜ਼ੁਲਫ਼ ਦਾ, ਜਾਣ ਨਾ ਜਾਣ ਪਿਆਰੇ
ਇਸੇ ਕਈ ਸ਼ਿਕਾਰ ਫਸਾਨਦੇ, ਫਾਹੀਆਂ ਵਾਲ਼ ਅਸਾਡੇ

ਨਾ ਉਮੀਦ ਸੱਜਣ ਦੇ ਦਰ ਥੀਂ, ਨਾ ਹਵਸਾਂ ਨਾ ਮੁੜ ਸਾਂ
ਕਦੇ ਤੇ ਰਹਿਮ ਪਵੇਗਾ ਉਸ ਨੂੰ, ਵੇਖ ਵਬਾਲ ਅਸਾਡੇ

ਖ਼ਾਕ ਉਹਦੇ ਦਰ ਵਾਲੀ ਵਾਲਾ, ਜਿਸ ਦਮ ਮੈਂ ਦਮ ਮਾਰਾਂ
ਮਿੱਠੀ ਵਾਊ ਜੰਨਤ ਦੀ ਫਿਰਦੀ, ਮਗ਼ਜ਼ ਦਿਵਾਲ ਅਸਾਡੇ

ਹੈ ਵਾਊ ਇਸ ਇਸ਼ਕ ਮੇਰੇ ਦੀ, ਰਮਜ਼ ਪਿਆ ਕਣ ਪਾਈਂ
ਆਖੀਂ ਹੱਥੀਂ ਮਾਰ, ਤੁਸਾਂ ਨੂੰ, ਖ਼ੂਨ ਹਲਾਲ ਅਸਾਡੇ

ਜੇ ਉਹ ਇਹ ਗੱਲ ਮਨੇ ਨਾਹੀਂ, ਸਾਫ਼ ਜਵਾਬ ਸੁਣਾਵੇ
ਆਖੇ ਸ਼ਾਲਾ ਹੋਣ ਨਾ ਇਸੇ, ਨਫ਼ਰ ਬੇਹਾਲ ਅਸਾਡੇ

ਕਹਿ ਅੱਗੋਂ ਹੈ ਸ਼ਾਹ ਹੁਸਨ ਦੇ, ਬਾਦਸ਼ਾਆਂ ਦਰ ਮੰਗਤੇ
ਮੁੱਢ ਕਦੀਮੋਂ ਬਹਿੰਦੇ ਆਏ, ਭਾਈਵਾਲ ਅਸਾਡੇ

ਕਰਨ ਗੁੱਦਾ ਸੱਜਣ ਦੇ ਕੂਚੇ, ਬਾਦਸ਼ਾਹੀ ਥੀਂ ਚੰਗਾ
ਜੇ ਉਹ ਪਾਵੇ ਆਪ ਮੁਹੰਮਦ, ਖ਼ੈਰ ਰੁਮਾਲ ਅਸਾਡੇ