ਸੈਫ਼ਾਲ ਮਲੂਕ

ਪਰੀ ਨੂੰ ਇਸ਼ਕ

ਜੇ ਸਭ ਗੱਲਾਂ ਲਿਖਣ ਲੱਗੇਂ, ਜੂਝੋ ਹਾਦੀ ਘੁਲਦਾ
ਹੋਰੂੰ ਹੋਰ ਪੌਣ ਵਿਚ ਰਮਜ਼ਾਂ, ਕਿੱਸਾ ਸਾਫ਼ ਨਾ ਚਲਦਾ

ਇਸ਼ਕ ਬਦੀਅ ਜਮਾਲਪੁਰੀ ਨੂੰ, ਆ ਪਾਇਆ ਹੱਥ ਪੱਕਾ
ਜਿਸ ਨੂੰ ਫੜਦਾ ਹੈ ਬੰਨ੍ਹ ਖਿੜਦਾ, ਨਹੀਂ ਕਿਸੇ ਦਾ ਸਿੱਕਾ

ਮਾਨ ਗਮਾਂ ਗਏ ਭੱਜ ਸਾਰੇ, ਦਲ ਅਰਮਾਨ ਨਾ ਰੱਤੀ
ਸੜਦੀ ਗੱਲ ਨਾ ਕਰਦੀ ਮੂਹੋਂ, ਵਾਂਗ ਦੀਏ ਦੀ ਬੱਤੀ

ਵਿਕ ਗਿਆ ਜੀ ਛਕ ਸੱਜਣ ਦੀ, ਹੱਕ ਅੰਦਰ ਹੱਥ ਪਾਇਆ
ਕੁੰਡੀ ਲੱਗੀ ਮਛਲੀ ਵਾਲਾ, ਹਾਲ ਪਰੀ ਪਰ ਆਇਆ

ਸਬਰ ਕਰਾਰ ਆਰਾਮ ਨਾ ਰਿਹਾ, ਸ਼ਾਮ ਡਿੱਠਾ ਜਿਸ ਵੇਲੇ
ਸ਼ਾਮ ਤਿਲਕ ਦਿਲ ਜਰਦਾ ਨਾਹੀਂ, ਆਖੇ ਹੁਣ ਕੋਈ ਮਿਲੇ

ਹਾਥੀ ਇਸ਼ਕ ਮਹਾਵਤ ਸੋਹਣਾ, ਮੁੜ ਮੁੜ ਕੇ ਫਿਰ ਪੀਲੇ
ਅਚਨਚੇਤ ਮੁਹੰਮਦ ਲੱਗੇ, ਸੇ ਬਰਛੇ ਸੇ ਸੈਲੇ

ਜ਼ਾਲਮ ਇਸ਼ਕ ਸ਼ਜ਼ਾਦੇ ਵਾਲੇ, ਬਣ ਤਲਵਾਰੋਂ ਕੱਠੀ
ਆਨ ਪਈ ਅਜ਼ਗ਼ੀਬੋਂ ਗੋਲੀ, ਮਾਰ ਨਿਮਾਣੀ ਮਿੱਠੀ

ਦੁੱਖ ਦੀ ਦਾਈ ਪਕੜ ਮਨਾਈ, ਫਿਰਦੀ ਸੀ ਜੋ ਰੁਠੀ
ਬੇਦਨ ਜਾਣੇ ਕੌਣ ਮੁਹੰਮਦ, ਲੱਗੀ ਮਰਜ਼ ਉਪਠੀ

ਓੜਕ ਜਾਂ ਜੀ ਰਹਿ ਨਾ ਸਕਿਓਸ, ਕਹਿਓਸ ਮਲਿਕਾ ਤਾਈਂ
ਆ ਅਗੇਰੇ ਚਲੀਏ ਭੈਣੇ, ਤਕੀਏ ਇਹ ਭੀ ਜਾਈਂ

ਮਲਿਕਾ ਨੇ ਫ਼ਰਮਾਇਆ ਅੱਗੋਂ, ਬਿਸਮ ਅਲੱਲਾਆ ਬਿਸਮ ਅਲੱਲਾਆ
ਲੱਗੀ ਆਸ ਹੋਇਆਂ ਦਿਲ ਖ਼ੁਸ਼ੀਆਂ, ਸ਼ੁਕਰ ਅਲਹਮਦੁ ਲੱਲਾ

ਉਹਲੇ ਉਹਲੇ ਟੋਰੀਆਂ ਦੂਏ, ਆ ਖੁਲ੍ਹੀਆਂ ਫਿਰ ਨੇੜੇ
ਸ਼ਾਹਜ਼ਾਦੇ ਨੂੰ ਖ਼ਬਰ ਨਾ ਕੋਈ, ਤਾਰ ਗ਼ਮਾਂ ਦੀ ਛਿੜੇ

ਫਿਰ ਉਹ ਮੂਰਤ ਸ਼ਾਹ ਪਰੀ ਦੀ, ਕੱਢ ਕੇ ਬਾਹਰ ਹਿਜਾਬੋਂ
ਚੁੰਮ ਅੱਖੀਂ ਮੂੰਹ ਮਿੱਥੇ ਲਾਵੇ, ਰੋਵੇ ਵੱਧ ਹਿਸਾਬੋਂ

ਮੂਰਤ ਦੇ ਦੋ ਪੈਰ ਚਮੀਨਦਾ, ਫੇਰ ਅੱਖੀਂ ਤੇ ਮਿਲਦਾ
ਆਹੀਂ ਦਰਦ ਅਲਨਬੇ ਨਿਕਲਣ, ਹੰਜੋਂ ਪਾਣੀ ਚਲਦਾ

ਧੂਆਂ ਧਾਰੀ ਦੁੱਖ ਗ਼ੁਬਾਰੀ, ਸੋਜ਼ ਫ਼ਿਰਾਕ ਕੁਹਾਰੀ
ਭੜਕਣ ਭਾਹੀਂ ਵਾਹੋ ਵਾਹੀ, ਨਾਲੇ ਦੇਣ ਨਾ ਵਾਰੀ

ਵਾਂਗ ਕਬਾਬ ਭੱਜੇ ਤਿੰਨ ਸਾਰਾ, ਸੀਖ਼ ਲਗਾਇਆ ਬੀਰਾ
ਪਾਣੀ ਚੋਂਦਾ ਹੰਜੋਂ ਰੋਂਦਾ, ਆਤਿਸ਼ ਵਿਚ ਵਸੇਰਾ

ਸੈਫ਼ ਮਲੂਕ ਸ਼ਹਿਜ਼ਾਦਾ ਦਰਦਾਂ, ਘੇਰ ਕੀਤਾ ਦੁਖਿਆਰਾ
ਗੁਣ ਗਿਣ ਮੋਤੀਂ ਦੇ ਇਸ਼ਕ ਨੂੰ, ਸੋਲਾਂ ਦਾ ਬਣਜਾਰਾ

ਸ਼ਾਹ ਪਰੀ ਤੇ ਮਲਿਕਾ ਖ਼ਾਤੋਂ, ਛੁਪ ਨੇੜੇ ਵਣਜ ਖੁਲ੍ਹੀਆਂ
ਪੁਰੀ ਦਰੁਸਤ ਡਿੱਠਾ ਸ਼ਹਿਜ਼ਾਦਾ, ਰੱਖ ਨਿਗਾਹਾਂ ਭੋਲੀਆਂ

ਸੋਹਣੀ ਸੂਰਤ ਨਜ਼ਰੀ ਆਈ, ਜਾਂ ਡਿੱਠਾ ਵੱਲ ਨਕਸ਼ਾਂ
ਵੇਖ ਬੇ ਆਬ ਹੋਵਣ ਸ਼ਰਮਿੰਦੇ, ਮਾਣਕ ਲਾਅਲ ਬਦਖ਼ਸ਼ਾਂ

ਜਿਉਂ ਕਾਗ਼ਜ਼ ਕਸ਼ਮੀਰੀ ਅਤੇ, ਖ਼ੁਸ਼ਖ਼ਤ ਹਰਫ਼ ਕੁਰਆਨੀ
ਤੀਵੀਂ ਸੀ ਮਿਸ ਹਰਦੀ ਕਾਲ਼ੀ, ਯਾ ਸਬਜ਼ਾ ਬਸਤਾਨੀ

ਨਵੀਂ ਜਵਾਨੀ ਹੁਸਨ ਅਰਜ਼ਾਨੀ, ਹਰ ਹਰ ਨਕਸ਼ ਗੁਮਾਨੀ
ਸੁੰਦਰ ਰੂਪ ਦੀਏ ਚਮਕਾਰੇ, ਜੀਵ ਨੌਕਰ ਚੰਨ ਅਸਮਾਨੀ

ਬਦਨ ਸ਼ਰੀਫ਼ ਉਹਦੇ ਵਿਚ ਦਿਸਦੀ, ਜੋ ਤਾਰੀਫ਼ ਇਨਸਾਨੀ
ਸਰੂ ਅਜ਼ਾਦ ਬਹਿਸ਼ਤੀ ਬਾਗ਼ੋਂ, ਨਾਜ਼ੁਕ ਕੱਦ ਨੂਰਾਨੀ