ਦੀਵਾ ਆਸ ਦਾ ਬੱਲੇ ਹਨੇਰੀਆਂ ਵਿਚ

ਦੀਵਾ ਆਸ ਦਾ ਬੱਲੇ ਹਨੇਰੀਆਂ ਵਿਚ
ਨਵੀਂ ਫ਼ਜਰ ਦਾ ਸਾਨੂੰ ਯਕੀਨ ਦੇਵੇ
ਕੁਝ ਰਹਿਮਤਾਂ ਅਰਸ਼ ਦੀ ਮਿਹਰਬਾਨੀ
ਕੁਝ ਨਾਮਤਾਂ ਸਾਨੂੰ ਜ਼ਮੀਨ ਦੇਵੇ

ਬਾਸ ਮਿੱਟੀ ਦੀ, ਰੂਪ ਗੁਲਾਬ ਵਾਲਾ
ਹੱਥ ਕਲਮ ਦਾ, ਮੁੱਖ ਕਿਤਾਬ ਵਾਲਾ
ਮਜ਼ਾ ਸ਼ਹਿਦ ਦਾ, ਡੰਗ ਅਜ਼ਾਬ ਵਾਲਾ
ਵਿਚ ਸ਼ੌਕ ਦੇ ਨਸ਼ਾ ਸ਼ਰਾਬ ਵਾਲਾ

ਚੁੱਪ ਰਾਤ ਨਾਲੋਂ ਮਿਹਰਬਾਨ ਜਿਹੜੀ
ਸੁਖ਼ਨ ਸ਼ਿਖ਼ਰ ਦੁਪਹਿਰ ਦੇ ਨੂਰ ਵਰਗਾ
ਮਹੀਨਾ ਜੇਠ ਦਾ, ਧੁੱਪ ਸਿਆਲ਼ ਵਾਲੀ
ਛਾਂ ਬੋਹੜ ਦੀ, ਮੇਵਾ ਖਜੂਰ ਵਰਗਾ

ਅਕਲ ਆਸ਼ਿਕਾਂ, ਸੋਚ ਦੀਵਾਨਿਆਂ ਦੀ
ਫ਼ਿਕਰ ਮਾਪਿਆਂ, ਭੁੱਲ ਇਆਣੀਆਂ ਦੀ
ਪੈਂਡੇ ਨਦੀ ਦੇ ਡੂੰਘ ਸਮੁੰਦਰਾਂ ਦਾ
ਸਫ਼ਰ ਥਲਾਨ ਦੇ, ਸਬਰ ਮੁਹਾਣੀਆਂ ਦਾ

ਵਾਅਦਾ ਸ਼ੀਰੀਂ ਦੇ ਨਾਲ਼ ਫ਼ਰਹਾਦ ਵਾਲਾ
ਤਾਂਗ ਇਸ਼ਕ ਦੀ ਬਹੁਤ ਸਰੂਰ ਵਾਲੀ
ਚੋਲਾ ਯੂਸੁਫ਼(ਅਲੈ.) ਦਾ ਨੈਣ ਯਾਕੂਬ(ਅਲੈ.) ਵਾਲੇ
ਨਾਅਰਾ ਹੱਕ ਦਾ ਜ਼ਿੱਦ, ਮਨਸੂਰ ਵਾਲੀ