ਜਦ ਦੀ ਮੈਥੋਂ ਨਿੰਦਰ ਨੇ ਅੱਖ ਫੇਰੀ ਏ

ਜਦ ਦੀ ਮੈਥੋਂ ਨਿੰਦਰ ਨੇ ਅੱਖ ਫੇਰੀ ਏ
ਜਿਧਰ ਵੇਖੋ ਖ਼ਾਬਾਂ ਦੀ ਇਕ ਢੇਰੀ ਏ

ਇੰਜ ਦੀ ਚੁੱਕੀ ਜ਼ਾਲਮਾਂ ਅੱਤ ਬਥੇਰੀ ਏ
ਚਿੱਟੇ ਦਿਨ ਵੀ ਲਗਦੀ ਰਾਤ ਹਨੇਰੀ ਏ

ਦੁੱਖਾਂ ਦਾ ਬਲਦਾ ਸੂਰਜ ਮੈਨੂੰ ਸਾੜ ਗਿਆ
ਸਿਰ ਤੋਂ ਜਦ ਦੀ ਲੱਥੀ ਚਾਦਰ ਤੇਰੀ ਏ

ਝੋਲ਼ੀ ਭਰ ਕੇ ਵੱਟੇ ਚੁੱਕੀ ਫਿਰਨਾ ਏਂ
ਇਹ ਨਾ ਭੁੱਲੀਂ ਤੇਰੇ ਘਰ ਵੀ ਬੇਰੀ ਏ

ਤੇਰੀ ਯਾਦ ਦੇ ਰੋੜੇ ਅੱਖੀਓਂ ਇੰਜ ਨਿਕਲੇ
ਭਠੋਂ ਵਿਚੋਂ ਨਿਕਲੇ ਜਿਸਰਾਂ ਗੇਰੀ ਏ

ਜਿਹੜੀ ਜੰਨਤ ਅਸਮਾਨਾਂ ਤੇ ਲੱਭਣਾ ਏਂ
ਰੱਬ ਨੇ ਮਾਂ ਦੇ ਪੈਰਾਂ ਥੱਲੇ ਕੇਰੀ ਏ

ਮੇਰੀ ਅੱਖ ਚ ਖ਼ਾਬ ਵੀ ਨਾਈਲਾ ਇੰਜ ਈ ਨੇ
ਜਿਸਰਾਂ ਥਲ ਤੇ ਕੋਈ ਰੇਤ ਦੀ ਡੇਰੀ ਏ