ਤੂੰ ਸੱਚਾ ਏਂ

ਇਸ਼ਕ ਦੀ ਸੂਲੀ ਆਪ ਚੜ੍ਹੀ ਮੈਂ
ਦਿਲ ਦੇ ਹੱਥੋਂ ਆਪ ਮਰੀ ਮੈਂ
ਹਿਜਰ ਦੀ ਅੱਗ ਵਿਚ ਆਪ ਸੜੀ ਮੈਂ
ਤੂੰ ਸੱਚਾ ਏਂ
ਤੂੰ ਤੇ ਇਸ਼ਕ ਕਦੇ ਨਹੀਂ ਕੀਤਾ
ਨਾ ਤੂੰ ਇਸ਼ਕ ਪਿਆਲਾ ਪੀਤਾ
ਤੂੰ ਤੇ ਸਿਰਫ਼ ਮਜ਼ਾਕ ਸੀ ਕੀਤਾ
ਤੂੰ ਸੱਚਾ ਏਂ

ਜੱਗ ਨਾਲ਼ ਆਢਾ ਆਪ ਮੈਂ ਲਾਇਆ
ਤੇਰਾ ਇਸ਼ਕ ਪੁਗਾਨਾ ਚਾਹਿਆ
ਹੱਥੋਂ ਅਪਣਾ ਆ ਗਵਾਇਆ
ਤੂੰ ਸੱਚਾ ਏਂ

ਤੂੰ ਨਹੀਂ ਧੁੱਪ ਚੋਂ ਕਡੀਆਂ ਛਾਵਾਂ
ਤੂੰ ਨਹੀਂ ਸੁਕਣੇ ਪਾਈਆਂ ਹਾਵਾਂ
ਤੂੰ ਨਹੀਂ ਤੱਕੀਆਂ ਮੇਰੀਆਂ ਰਾਹਵਾਂ
ਤੂੰ ਸੱਚਾ ਏਂ

ਸ਼ੋਹ ਦਰਿਆ ਵਿਚ ਛਾਲ ਵੀ ਮਾਰੀ
ਤੇਰੇ ਨਾਂ ਤੋਂ ਜਿੰਦੜੀ ਹਾਰੀ
ਖੋਲ ਨਾ ਸਕਿਓਂ ਦਿਲ ਦੀ ਬਾਰੀ
ਤੂੰ ਸੱਚਾ ਏਂ

ਅੰਦਰ ਵੜ ਕੇ ਰੋਂਦੀ ਰਹੀਆਂ
ਆਪੇ ਰੋ ਰੋ ਚੁੱਪ ਕਰ ਗਈਆਂ
ਤੂੰ ਨਾ ਅੱਜ ਤਾਈਂ ਖ਼ਬਰਾਂ ਲਈਆਂ
ਤੂੰ ਸੱਚਾ ਏਂ

ਨਾਈਲਾ ਇਸ਼ਕ ਕਮਾਣਾ ਔਖਾ
ਚਾਨਣ ਨੂੰ ਦਫ਼ਨਾਨਾ ਔਖਾ
ਜੀਂਦਿਆਂ ਜੀ ਮਰ ਜਾਣਾ ਔਖਾ
ਤੂੰ ਸੱਚਾ ਏਂ