ਧੀਆਂ ਦੱਬ ਦਿਆਂ ਕਿ ਮੈਂ ਰੋੜ੍ਹ ਦਿਆਂ

ਮੈਂ ਸ਼ੋਹ ਵਿਚ ਡੁੱਬਦੀ ਤਰਦੀ ਆਂ
ਇਹ ਸਵਾਲ ਰੱਬਾ ਅੱਜ ਕਰਦੀ ਆਂ
ਜਿੰਦ ਵਾਂਗ ਮਰੂੰਡੇ ਭਰ ਦੀ ਆਂ
ਪੈਰਾਂ ਦੀ ਮਿੱਟੀ ਖੁਰਦੀ ਏ
ਧੀਆਂ ਦੇ ਕੇ ਆਪ ਤੂੰ ਜ਼ੁਲਮ ਕੀਤਾ
ਅਸਾਂ ਜੰਮ ਕੇ ਕਿਹੜਾ ਜੁਰਮ ਕੀਤਾ
ਨਾ ਜੰਮਣ ਤੇ ਜਿਹਨਾਂ ਵੈਰ ਕਮਾਏ
ਪੁੱਤ ਉਨ੍ਹਾਂ ਦੀ ਝੋਲ਼ੀ ਤੂੰ ਪਾਏ
ਉਨ੍ਹਾਂ ਦੀਆਂ ਬੇੜੀਆਂ ਤਾਰੀਆਂ ਨੇਂ
ਮਿਹਣੇ ਮਾਰ ਜਿਹਨਾਂ ਨੌਹਾਂ ਮਾਰੀਆਂ ਨੇਂ
ਮੈਨੂੰ ਲੱਭੇ ਨਾ ਜੀਣ ਦੀ ਰਾਹ ਕੋਈ
ਆਵੇ ਸੁਖ ਦਾ ਨਾ ਇੱਥੇ ਸਾਹ ਕੋਈ
ਚਲੇ ਤੇਰੇ ਤੇ ਮੇਰਾ ਵੱਸ ਕੋਈ ਨਾ
ਮੈਨੂੰ ਜੰਨਤ ਦੀ ਰਾਹ ਹੁਣ ਦਸ ਕੋਈ ਨਾ
ਰਖ ਲਏਂਗਾ ਜੇ ਤੈਨੂੰ ਮੋੜ ਦਿਆਂ
ਧੀਆਂ ਦੱਬ ਦਿਆਂ ਯਾ ਰੋੜ੍ਹ ਦਿਆਂ
ਅੱਜ ਸ਼ੋਹ ਵਿਚ ਡੁੱਬਦੀ ਤਰਦੀ ਆਂ
ਇਹ ਸਵਾਲ ਮੈਂ ਤੇਥੋਂ ਕਰਦੀ ਆਂ