ਜਿੰਦੜੀ ਦੇ ਮੇਲੇ ਹੁਣ ਛੇਤੀ ਮੁੱਕ ਜਾਣਾ ਏ

ਜਿੰਦੜੀ ਦੇ ਮੇਲੇ ਹੁਣ ਛੇਤੀ ਮੁੱਕ ਜਾਣਾ ਏ
ਸੱਧਰਾਂ ਦੇ ਪਾਣੀ ਵਾਲੀ ਰੁੜ੍ਹ ਬੁੱਕ ਜਾਣਾ ਏ

ਦੂਰ ਕਿਤੇ ਸੱਜਣਾਂ ਨੇ ਡੇਰੇ ਮੱਲੇ ਜਾ ਕੇ
ਨੈਣਾਂ ਵਾਲੇ ਖੂਹ ਹੁਣ ਛੇਤੀ ਸੁੱਕ ਜਾਣਾ ਏ

ਗ਼ਰਜ਼ਾਂ ਤੇ ਦੁੱਖਾਂ ਵਾਲਾ ਮੀਂਹ ਇੰਜ ਵਸਿਆ
ਪਿਆਰ ਵਾਲਾ ਰੁੱਖ ਜਾਪੇ ਛੇਤੀ ਸੁੱਕ ਜਾਣਾ ਏ

ਆਸਾਂ ਵਾਲੀ ਤੰਦ ਜਦੋਂ ਤੱਕਲੇ ਤੋਂ ਟੁੱਟਣੀ
ਜਿੰਦੜੀ ਦੇ ਚਰਖ਼ੇ ਨੇ ਆਪੇ ਰੁਕ ਜਾਣਾ ਏ

ਤਾਰੇ ਵੀ ਨੇਂ ਸਾਥੋਂ ਬੀਬਾ ਕੰਡ ਕਰ ਲੰਘਦੇ
ਚੰਨ ਨੇ ਵੀ ਬੱਦਲਾਂ ਦੇ ਉਹਲੇ ਲੁਕ ਜਾਣਾ ਏ

ਸਾਂਭ ਸਾਂਭ ਰੱਖੀਂ ਚੰਨਾਂ ਹਾਸਿਆਂ ਦੇ ਸੂਟ ਨੂੰ
ਨਹੀਂ ਤੇ ਫ਼ਿਰ ਦੁੱਖਾਂ ਵਾਲੇ ਕੀੜੇ ਟੁਕ ਜਾਣਾ ਏ