ਮਾਂ ਬੋਲੀ

ਮੈਂ ਗਜ ਕੇ ਬੋਲੀ ਚੁੱਕਣੀ
ਮੇਰੇ ਗਿੱਦਾ ਪਾਉਂਦੇ ਪੈਰ

ਮੈਂ ਕਿੱਕਲੀ ਪਾਉਣੀ ਵੀਰ ਵੇ
ਤੇਰੀ ਪੱਗ ਦੀ ਮੰਗ ਕੇ ਖ਼ੈਰ

ਮੈਂ ਵਿਚ ਤ੍ਰਿੰਜਣਾਂ ਕੂਕਣਾ
ਪਾ ਸਾਰੇ ਜੱਗ ਨਾਲ਼ ਵੈਰ

ਮੈਂ ਚਰਖ਼ੇ ਕੱਤ ਕੇ ਪੂੰਨੀਆਂ
ਭਰਾਂ ਛਕੋ ਸ਼ਿਕਰ ਦੁਪਹਿਰ

ਸਾਨੂੰ ਹੁਣ ਸਮਝਾਂ ਨੇਂ ਲੱਗੀਆਂ
ਕੀ ਢਾਈਆ ਅਸੀ ਇਹ ਕਹਿਰ

ਸਾਡੀ ਜੀਭ ਤੇ ਗੱਲਾਂ ਮਿੱਠੀਆਂ
ਸਾਡੇ ਅੰਦਰ ਭਰਿਆ ਜ਼ਹਿਰ

ਅਸੀ ਆਪਣੀ ਰਹਿਤਲ ਭੁੱਲ ਕੇ
ਤੇ ਆਪ ਕਮਾਇਆ ਵੈਰ

ਅਸੀਂ ਓਭੜ ਬੋਲੀ ਬੋਲਦੇ
ਤੇ ਮਾਂ ਬੋਲੀ ਨਾਲ਼ ਵੈਰ

ਉੱਠ ਮਾਂ ਬੋਲੀ ਦਿਆ ਰਾਖਿਆ
ਤੇਰੀ ਸਾਹ ਸਾਹ ਮੰਗਾਂ ਖ਼ੈਰ