ਦਿਲ ਵਿਚ ਜਿਹੜੇ ਰੱਬ ਦਾ ਚਾਨਣ ਮੰਗਦੇ ਨੇਂ

ਦਿਲ ਵਿਚ ਜਿਹੜੇ ਰੱਬ ਦਾ ਚਾਨਣ ਮੰਗਦੇ ਨੇਂ
ਪਹਿਲਾਂ ਸਾਹ ਦੀਆਂ ਲੀਰਾਂ ਕਿਕਰੀਂ ਟੰਗਦੇ ਨੇਂ

ਦੁੱਖਾਂ ਭਾਵੇਂ ਮੂੰਹ ਤੇ ਲੀਕਾਂ ਵਾਹ ਛੱਡੀਆਂ
ਚਾ ਤੇ ਸੱਜਰੇ ਹਾਲ਼ੀ ਉਹਦੀ ਵੰਗ ਦੇ ਨੇਂ

ਉਹ ਨਹੀਂ ਡੁੱਬਦੇ ਕਦੀ ਵੀ ਇਸ਼ਕ ਸਮੁੰਦਰ ਵਿਚ
ਪੈਰੀਂ ਛਾਲੇ ਬੰਨ ਕੇ ਜਿਹੜੇ ਲੰਘਦੇ ਨੇਂ

ਅੱਜ ਵੀ ਜ਼ੁਲਮ ਦੇ ਇਥੇ ਲੋਗ ਹਮਾਈਤੀ ਨੇਂ
ਇਹਦਾ ਮਤਲਬ ਖ਼ਤਰੇ ਹਾਲੀ ਜੰਗ ਦੇ ਨੇਂ

ਉਹਦੀਆਂ ਅੱਖਾਂ ਉਹਲੇ ਭਾਂਬੜ ਮਚ ਪੈਂਦੇ
ਸੋਚਾਂ ਦੇ ਸੱਪ ਅੰਦਰੋਂ ਜਿਹਨੂੰ ਡੰਗਦੇ ਨੇਂ

ਜਿਹੜੇ ਡੋਰੀਆਂ ਲੇਖੇ ਉਤੇ ਸੁੱਟ ਬਹਿੰਦੇ
ਉਨ੍ਹਾਂ ਅੱਖੀਂ ਸੁਫ਼ਨੇ ਆਉਣੋ ਸੰਗਦੇ ਨੇਂ

ਉਹਦੇ ਅੰਦਰ ਝਾਤੀ ਪਾਣ ਦਾ ਫ਼ਾਇਦਾ ਕੀ
ਜਿਸਦੇ ਬੂਹੇ ਜਿੰਦਰੇ ਵੱਜੇ ਜ਼ੰਗ ਦੇ ਨੇਂ

ਯਾਰ ਮੈਂ ਜਿਹੜੇ ਬੁੱਕਲ ਵਿਚ ਲੁਕਾਏ ਸਨ
ਉਹੋ ਮੈਨੂੰ ਅੰਦਰੋਂ ਅੰਦਰੀ ਡੰਗਦੇ ਨੇਂ

ਲਗਦਾ ਏ ਹੁਣ ਹਿਜਰ ਹੰਢਾਨਾ ਪੈਣਾ ਏ
ਏਸ ਬਹਾਰ ਇਚ ਫੁੱਲ ਵੀ ਕਾਲੇ ਰੰਗ ਦੇ ਨੇਂ