ਤੂੰ ਕੀ ਸਮਝਿਆ ਤੇਰੇ ਕੋਲੋਂ ਦਿਲ ਦਾ ਭੇਦ ਲੁਕਾਵਾਂਗੀ

ਤੂੰ ਕੀ ਸਮਝਿਆ ਤੇਰੇ ਕੋਲੋਂ ਦਿਲ ਦਾ ਭੇਦ ਲੁਕਾਵਾਂਗੀ
ਤੇਰੇ ਲਾਗੇ ਬਹਿ ਕੇ ਤੇ ਮੈਂ ਅੱਖੀਂ ਨੀਰ ਵਗਾਵਾਂ ਗੀ

ਏਸ ਜ਼ਮਾਨੇ ਅੰਦਰ ਮੇਰਾ ਕੁੜੀ ਹੋਣਾ ਕੋਈ ਜੁਰਮ ਨਹੀਂ
ਇਸ਼ਕ ਦੀ ਪੌੜੀ ਚੜ੍ਹ ਕੇ ਆਪਣੇ ਦਿਲ ਦੀ ਗੱਲ ਸੁਣਾਵਾਂਗੀ

ਦਿਲ ਦਰਵਾਜ਼ੇ ਖੋਲ ਕੇ ਆਪਣੇ ਹੱਦਾਂ ਟੱਪ ਕੇ ਖ਼ੌਫ਼ ਦੀਆਂ
ਦੱਬੇ ਹੋਏ ਸੱਚ ਨੂੰ ਅੰਦਰੋਂ ਕੱਢ ਕੇ ਬਾਹਰ ਲਿਆਵਾਂਗੀ

ਤੇਰਾ ਪਿਆਰ ਜੇ ਚਾਨਣ ਬਣ ਕੇ ਉਤਰੇ ਮੇਰੀ ਰੂਹ ਅੰਦਰ
ਇਸ਼ਕ ਤੇਰੇ ਦੇ ਬਾਲ ਕੇ ਦੀਵੇ ਦਿਲ ਦਹਿਲੀਜ਼ ਸਝਾਵਾਂਗੀ

ਇਸ਼ਕ ਦੀ ਵੇਲ ਨਹੀਂ ਚੜ੍ਹਨੀ ਸੌਖੀ ਪਰ ਸੱਜਣਾ ਮੈਂ ਸੋਚ ਲਿਆ
ਪਾਕ ਨੈਣਾਂ ਦਾ ਪਾਣੀ ਲਾ ਕੇ ਇਹਨੂੰ ਤੋੜ ਚੜ੍ਹਾਵਾਂ ਗੀ

ਰੱਬ ਕਰੇ ਇਹ ਪਿਆਰ ਦੀ ਮਹਿੰਦੀ ਰੰਗੇ ਮੇਰੀਆਂ ਤਲੀਆਂ ਨੂੰ
ਸੋਹਣੇ ਰੰਗ ਦੀਆਂ ਵੰਗਾਂ ਪਾ ਕੇ ਰੀਝਾਂ ਨਾਲ਼ ਛਣਕਾਵਾਂ ਗੀ

ਜੇ ਕਰ ਮੇਰੇ ਬੂਹੇ ਢਕੇਂ ਲਾਹ ਕੇ ਖ਼ੌਫ਼ ਜ਼ਮਾਨੇ ਦੇ
ਤੇਰੇ ਨਾਵੇਂ ਜਿੰਦੜੀ ਲਾ ਕੇ ਸਾਰੀ ਉਮਰ ਨਿਭਾਵਾਂਗੀ