ਚਾਰ ਚੁਫ਼ੇਰੇ ਚੜ੍ਹਦਾ ਸੂਰਜ ਕਿਹੜੇ ਪਾਸੇ ਜਾਵਾਂ

ਚਾਰ ਚੁਫ਼ੇਰੇ ਚੜ੍ਹਦਾ ਸੂਰਜ ਕਿਹੜੇ ਪਾਸੇ ਜਾਵਾਂ
ਸ਼ੀਸ਼ਿਆਂ ਵਰਗੇ ਰੁੱਖ ਉਥੇ ਦੇ ਧੁੱਪਾਂ ਵਰਗੀਆਂ ਛਾਵਾਂ

ਮਿਲ ਜਾਂਦੇ ਨੇਂ ਦੱਸਣ ਵਾਲੇ ਖ਼ਾਬ ਦਿਆਂ ਤਾਬੀਰਾਂ
ਮੈਂ ਇਸ ਸ਼ਹਿਰ ਦੇ ਲੋਕਾਂ ਕੋਲੋਂ ਨੀਂਦਾਂ ਲੱਖ ਲੁਕਾਵਾਂ

ਖਿਲਰੇ ਹੋਏ ਫ਼ਰਸ਼ ਦੇ ਅਤੇ ਕੰਡੇ ਨੇਜ਼ਿਆਂ ਵਰਗੇ
ਕੱਲੀ ਉਤੇ ਟੰਗਿਆ ਹੋਇਆ ਖ਼ੁਸ਼ਬੂਦਾਰ ਪਰਛਾਵਾਂ

ਬਾਰੀਆਂ ਅੰਦਰ ਜਗਦੀਆਂ ਹੋਈਆਂ ਅੱਖਾਂ ਨੀਂਦਾਂ ਭਰੀਆਂ
ਮੇਰੇ ਨਾਲ਼ ਗਵਾਚੀਆਂ ਹੋਈਆਂ ਟੂਣਿਆਂ ਹਾਰੀਆਂ ਰਾਹਵਾਂ