ਮੈਂ ਬੁਝਾਰਤ
ਮੈਂ ਬੁਝਾਰਤ, ਰਾਤ ਹਵਾ ਤੇ ਪਰਛਾਵੇਂ ਦਾ
ਪਿੰਜਰਾ ਕੋਈ ਨਾ ਖੁੱਲੇ
ਬਲਾਂ ਅਤੇ ਚੁੱਪ ਦੇ ਜਿੰਦਰੇ
ਡਰਦਾ ਕੋਈ ਨਾ ਬੋਲੇ
ਡੁੱਬਦਾ ਸੂਰਜ
ਰਾਤ,ਹਵਾ ਤੇ ਪਰਛਾਵੇਂ ਦੇ ਪਿੱਛੇ ਡੁੱਬਦਾ ਜਾਵੇ
ਮੈਂ ਬੁਝਾਰਤ
ਹਰਫ਼ਾਂ ਦੀ ਕਾਲ਼ੀ ਪਿੰਡ ਖੋਲ ਕੇ
ਮੇਰੇ ਤੀਕਰ ਕੋਈ ਨਾ ਅੱਪੜੇ
ਕਿਹੜੇ ਫ਼ਿਕਰ ਦੇ ਤਾਰੇ ਨੂੰ ਮੈਂ ਕੁੰਜੀ ਆਖਾਂ
ਮੈਂ ਬੁਝਾਰਤ
ਹਰਫ਼ਾਂ ਦੀ ਕਾਲ਼ੀ ਪਿੰਡ ਆਪਣੇ ਸਿਰ ਤੋਂ ਲਾਹ ਕੇ
ਕਿਹੜੇ ਖੂਹ ਵਿਚ ਸੱਟਾਂ
ਕਿਹੜੇ ਸੂਰਜ ਅੱਗੇ ਜਾ ਕੇ
ਆਪਣੇ ਆਪ ਨੂੰ ਗ਼ੀਬੋਂ ਕਿਡਾਂ
ਮੈਂ ਬੁਝਾਰਤ, ਰਾਤ ਹਵਾ ਤੇ ਪਰਛਾਵੇਂ ਦਾ ਪਿੰਜਰਾ
ਕਿਹੜੇ ਦਿਨ ਦੀ ਦਸਤਕ ਸੁਣ ਕੇ
ਅਪਣਾ ਬੂਹਾ ਖੁੱਲੇਗਾ
ਕਦੋਂ ਹਨੇਰੇ ਪਾਣੀਆਂ ਪਿੱਛੇ
ਡੁੱਬਿਆ ਸੂਰਜ ਜਾਗੇਗਾ
ਕਦੋਂ ਜ਼ੈਤੂਨ ਦੀ ਪਤੀ ਲੈ ਕੇ
ਚਿੱਟਾ ਕਬੂਤਰ ਪਰਤੇਗਾ
Reference: Zetoon di patti; page 54