ਛੱਡ ਕੇ ਤੁਰ ਜਾਂ ਨਿੱਘੀਆਂ ਛਾਵਾਂ ਕਿੱਦਾਂ ਮੈਂ

ਛੱਡ ਕੇ ਤੁਰ ਜਾਂ ਨਿੱਘੀਆਂ ਛਾਵਾਂ ਕਿੱਦਾਂ ਮੈਂ
ਮੰਜੀ ਧੁੱਪੇ ਆਪੇ ਡਾਹਵਾਂ ਕਿੱਦਾਂ ਮੈਂ

ਇਸ਼ਕ ਦੀ ਰਾਹ ਅਵੱਲੀ ਮੁੜ ਜਾ ਜਿੰਦੇ ਨੀ
ਫਾਹਾ ਹੱਥੀਂ ਗੱਲ ਨੂੰ ਪਾਵਾਂ ਕਿੱਦਾਂ ਮੈਂ

ਮਾਂ ਤੇ ਮੇਰੀਆਂ ਅੱਖੀਆਂ ਨੂੰ ਪੜ੍ਹ ਲੈਂਦੀ ਏ
ਦਿਲ ਵਿਚ ਕੀ ਏ ਦੱਸ ਲੁਕਾਵਾਂ ਕਿੱਦਾਂ ਮੈਂ

ਤੂੰ ਤੇ ਚੋਰੀ ਖਾ ਲਈ ਝੂਠਿਆ ਕਾਵਾਂ ਵੇ
ਆਪਣੇ ਸੰਘ ਤੋਂ ਬੁਰਕੀ ਲਾਹਵਾਂ ਕਿੱਦਾਂ ਮੈਂ

ਪੋਹ ਦੀ ਸੀਤ ਹਵਾ ਕਦੀ ਹਾੜ ਦੀ ਲੌ ਵਰਗਾ
‘ਕਮਰ’ ਦੇ ਹੱਥੀਂ ਹੱਥ ਫੜਾਵਾਂ ਕਿੱਦਾਂ ਮੈਂ