ਖ਼ਾਲੀ ਝੋਲ਼ੀ

ਮੇਰੇ ਸੁਫ਼ਨੇ ਵੀ ਮੇਰੇ ਆਪਣੇ ਨਹੀਂ
ਕਿਸੇ ਕੋਲੋਂ ਉਧਾਰ ਲਏ ਹੋਏ ਨੇਂ
ਮੇਰੀਆਂ ਸੋਚਾਂ ਵੀ ਮੇਰੀਆਂ ਨਹੀਂ
ਉਨ੍ਹਾਂ ਤੇ ਕਿਸੇ ਹੋਰ ਦਾ
ਨਾਂ ਲਿਖਿਆ ਹੋਇਆ ਏ
ਮੇਰਾ ਅਕੀਦਾ ਵੀ ਮੇਰਾ ਨਹੀਂ
ਨਿੱਕੇ ਹੁੰਦਿਆਂ, ਮੈਨੂੰ ਜੋ ਕੁੱਝ ਦੱਸਿਆ ਗਿਆ
ਮੈਂ ਮੰਨ ਲਿਆ, ਮੇਰੀ ਤਾਲੀਮ ਵੀ ਉਹ ਨਹੀਂ
ਜਿਹੜੀ ਇਨਸਾਨ ਦੀ ਹੈਸੀਅਤ ਨਾਲ਼
ਮੇਰਾ ਹੱਕ ਬੰਦਾ ਸੀ
ਹਕੂਮਤਾਂ ਤੇ ਮਜ਼ਹਬਾਂ ਵਾਲਿਆਂ
ਆਪਣੇ ਮਤਲਬ ਦੇ ਨਿਸਾਬ ਲਿਖਵਾਏ
ਜਿਹੜੇ ਇਮਤਿਹਾਨ ਪਾਸ ਕਰਨ ਲਈ
ਮੈਨੂੰ ਮਜਬੂਰਨ ਪੜ੍ਹਨੇ ਪਏ
ਕਾਨੂੰਨ ਵੀ ਮੇਰਾ ਨਹੀਂ
ਕਿਉਂ ਜੇ ਮੈਂ, ਉਹਨੂੰ ਖ਼ਰੀਦ ਨਹੀਂ ਸਕਦਾ
ਅਸੰਬਲੀਆਂ ਵੀ ਮੇਰੀਆਂ ਨਹੀਂ
ਕਿਉਂ ਜੇ ਓਥੇ ਜਾਣ ਲਈ
ਜਿਸ ਤਬਕੇ ਦਾ ਹੋਣਾ ਜ਼ਰੂਰੀ ਏ
ਮੈਂ ਇਸ ਤਬਕੇ ਦਾ ਨਹੀਂ
ਮੇਰੀ ਪਸੰਦ ਤੇ ਜ਼ਰੂਰਤ ਦਾ ਰਿਜ਼ਕ ਵੀ
ਮੈਨੂੰ ਨਸੀਬ ਨਹੀਂ, ਕਿਉਂ ਜੇ ਉਹਦੇ ਤੇ
ਸੱਪਾਂ ਦਾ ਪਹਿਰਾ ਏ'ਹੋਰ ਤੇ ਹੋਰ
ਮੇਰੇ ਸਾਹ ਵੀ ਮੇਰੇ ਨਹੀਂ
ਇਹ ਵੀ ਉਧਾਰ ਦਾ ਮਾਲ ਏ
ਜਿਹਨੇ ਮੈਨੂੰ ਸਾਹ ਦਿੱਤੇ ਨੇਂ
ਉਹ ਜਦੋਂ ਚਾਹਵੇ'ਖੋਹ ਸਕਦਾ ਏ
ਮੇਰੇ ਕੋਲ਼ ਮੇਰਾ ਕੀ ਏ?
ਅਜੇ ਤੀਕਰ ਮੈਂ ਜਾਣ ਨਹੀਂ ਸਕਿਆ!