ਚੰਨ ਵਸਣ ਨਹੀਂ ਦਿੰਦਾ

ਸਾਰੇ ਬੂਹੇ ਗਵਾਚ ਗਏ ਨੇਂ
ਕੰਧਿਆਂ ਏਡਾ ਤੇ ਨਹੀਂ ਬੋਲਦਿਆਂ ਸਨ
ਕਿਹੜਾ ਕੂੜ ਵੇਚਾਂ ਕਿ ਹੱਟੀਆਂ ਨਾ ਖੁੱਲਣ
ਦੁੱਖਾਂ ਦੇ ਕੰਢੇ ਤੇ ਸਮੁੰਦਰ ਨਾ ਸੌਣ
ਮਿੱਟੀ ਮੇਰੇ ਨਾਲ਼ ਟੁਰ ਪਈ ਏ
ਕੀ ਰੌਲ਼ਾ ਪਏ ਪਾਂਦੇ ਓ ਕਿਹੜੇ ਕੰਢੇ ਓ
ਸੂਰਜ ਨੇ ਤੁਹਾਡੀ ਧੁੱਪ ਸਾੜੀ ਏ

ਖਿੜ ਖਿੜ ਕੇ ਫੁੱਲ ਨਾ ਚੁਗਿਆ ਕਰੋ
ਨਹੀਂ ਤੇ ਹੱਥਾਂ ਵਿਚ ਪੀਲੀਆਂ ਨਹੀਂ ਰਹਿੰਦੀਆਂ
ਖਰੀ ਤੇ ਮੈਂ ਦੁਆ ਨਹੀਂ, ਵੱਟੇ ਤੁਸੀਂ ਵੀ ਨਹੀਂ

ਹਨੇਰੀਆਂ ਤੋਂ ਵੱਧ ਚੰਨ ਵਸਣ ਨਹੀਂ ਦਿੰਦਾ
ਸ਼ਾਮਾਂ ਵੇਲੇ ਮੈਂ ਪਰਵਾਜ਼ਾਂ ਦੀ ਝੁੱਗੀ ਬਣਾਈ
ਰਾਤ ਗਿਣ ਕੇ ਚੰਨ ਨੂੰ ਕਿਥੋਂ ਸੁੱਟੋਗੇ

ਜ਼ਮੀਨੇ ਕਿਹੜਾ ਦਰਿਆ ਫੜਨਾ ਜੇ
ਅਰਸ਼ ਤੇ ਜਾ ਕੇ ਕਿਹੜੀ ਖ਼ੁਦਾਈ ਲੱਭ ਜਾਣੀ ਏ
ਪੱਟੂ ਹੱਲੇ ਗੰਵਾ ਕੇ ਕਿਹੜੀ ਮੈਂ ਜਵਾਨ ਹੋ ਗਈ ਆਂ
ਵਾਗ ਫੜ ਕੇ ਕਿਹੋ ਜਿਹਾ ਸਫ਼ਰ ਸ਼ੁਰੂ ਹੁੰਦਾ ਏ

ਸਾਰੇ ਈ ਕਬਰ ਜਿਹਾ ਸਜਦਾ ਨੇਂ
ਮੈਂ ਵੱਧ ਕੇ ਕੁਤਬਾ ਹੋ ਗਈ ਆਂ
ਮੁਸਾਫ਼ਰ ਪੱਥਰਾਂ ਵੱਲ ਜਾਂਦੇ ਪਈ ਨੀ
ਪਲੀਤ ਅੱਖਾਂ ਕਿਡਾਂ ਬੋਲਦਿਆਂ ਨੇਂ

ਜਿਵੇਂ ਮਾਂ ਦੀ ਹਿੱਕ ਤੇ ਇਨ੍ਹਾਂ ਨੂੰ ਭੁੱਖ ਨਾ ਲੱਗੀ ਹੋਵੇ
ਜਿਵੇਂ ਮਿੱਟੀ ਗਵਾਚ ਜਾਏ
ਤੇ ਵਾਜ ਕੋਈ ਛੱਡ ਜਾਵੇ

ਹਰ ਘਰ ਦੀ ਇਕ ਰੋੜੀ ਹੁੰਦੀ ਏ
ਤੁਸੀਂ ਕਿਥੋਂ ਆਏ ਓ
ਅੱਗ ਦਾ ਪਰੋਲ਼ਾ ਬਣਾ ਕੇ ਟੁਰਦੇ ਰਹੋ

ਮਿੱਟੀ ਨੇ ਕਿਹੜਾ ਬੋਲਣਾ ਜੇ
ਇਹ ਤੇ ਕਬਰ ਤੱਕ ਚੁੱਪ ਰਹਿੰਦੀ ਜੇ

ਚੰਨ ਵੇਲੇ ਬਹੁਤੇ ਪੈਰ ਗਵਾਚੇ
ਜੰਗਲ਼ ਵੇਲੇ ਅੱਧੀ ਵਾਜ ਤੇ ਮੌਸਮ ਬਦਲੇ
ਅੱਗ ਵੇਲੇ ਅਪਣਾ ਅਪਣਾ ਕੂੜਾ ਲਿਆਓ
ਰੱਬ ਵੇਲੇ ਚੰਨ ਵਸਣ ਨਹੀਂ ਦਿੰਦਾ