ਮੈਂ ਨੰਗੀ ਚੰਗੀ

ਦੁਆਵਾਂ ਤੁਹਾਡੀਆਂ ਅੱਖਾਂ ਤੋਂ ਡਿੱਗ ਪਈਆਂ ਨੇਂ
ਮੈਂ ਨੰਗੀ ਚੰਗੀ
ਬੋਲ ਸੜ ਗਏ ਵਾਲਾਂ ਵਾਂਗਰ
ਉਮਰਾਂ ਦਾ ਬਾਲਣ ਲੈ ਕੇ ਹੁਣ ਮੇਰਾ ਚੰਨ ਸਾੜੂ
ਮੈਂ ਤੇਰੇ ਵਾਸਤੇ ਲਹੂ ਦੇ ਦੀਵੇ ਬਾਲੇ ਨੇਂ
ਤੇ ਆਪਣੀਆਂ ਪੂਰਾਂ ਦੇ ਸਾਰੇ ਰਾਜ਼
ਲੋਕਾਂ ਵਿਚ ਵੰਡ ਦਿੱਤੇ ਨੇਂ

ਮੈਂ ਆਪਣੀਆਂ ਪੂਰਾਂ ਵੰਡ ਵੰਡ ਕੇ
ਤੇਰੇ ਸੰਗ ਮੇਲ ਬਣਾਏ ਨੇਂ
ਅੱਖ ਰੰਗੀ ਚੰਗੀ

ਸਾੜ ਦੇਵੀਆਂ ਨਾਲ਼ ਦਰਿਆਵਾਂ ਨੂੰ
ਸਾੜ ਛਾਂ, ਸਾੜ ਮੇਰੀ ਗੱਡੀ
ਸੜ ਜਾਵੇਗੀ ਮੇਰੀ ਗੱਡੀ ਦੇ ਨਾਲ਼ ਅੱਗ ਵੀ
ਅੱਗ ਨੰਗੀ ਚੰਗੀ

ਹੁਣ ਤੇ ਪੱਥਰਾਂ ਦੇ ਸਾਹ ਵੀ ਮੁੱਕ ਚਲੇ ਨੇਂ
ਤੇ ਕੁਝ ਮੇਰੀਆਂ ਅੱਖਾਂ ਵੀ ਚੋਰੀ ਹੋ ਗਈਆਂ ਨੇਂ
ਮੇਰੇ ਬੁੱਲ੍ਹਾਂ ਤੇ ਲੋਕਾਂ ਦੀ ਭੁੱਖ ਮਰਨ ਲੱਗ ਪਈ ਏ
ਮੇਰੇ ਬੁੱਲ੍ਹਾਂ ਤੋਂ ਇਨਕਾਰ ਚੋਰੀ ਹੋ ਗਏ ਨੇਂ
ਮੈਂ ਸੱਚੀ ਚੰਗੀ

ਤੁਹਾਡੇ ਇਕਰਾਰਾਂ ਵਿਚ ਡੁੱਬੇ ਹੋਏ ਇਨਕਾਰਾਂ ਨੇਂ
ਮੇਰਾ ਸਾਈਂ ਮਾਰ ਦਿੱਤਾ ਏ
ਤੁਹਾਡੇ ਚਿੱਟੇ ਕੱਪੜਿਆਂ ਤੇ
ਕਦੀ ਮੌਸਮ ਨਈਂ ਆਉਂਦਾ

ਕੁਛ ਚਿੱਟੇ ਦਾਗ਼ ਬਡ਼ੇ ਹੋ ਜਾਂਦੇ ਨੇਂ
ਤੇਰੇ ਕਿੱਕਰ ਮਨ ਨੇ ਦਿਲ ਤੌਲੀਆ
ਅੱਖ ਰੰਗੀ ਚੰਗੀ

ਰਾਤੀਂ ਸਾਈਂ ਨੇ ਮੈਨੂੰ ਸਲਾਮ ਕੀਤਾ
ਮੇਰੇ ਲਫ਼ਜ਼ਾਂ ਨੇ ਕਦੀ ਵੁਜ਼ੂ ਈ ਨਹੀਂ ਕੀਤਾ
ਵੇਖਣ ਵਾਲੇ ਨੂੰ ਜਦੋਂ ਵੀ ਮੈਂ ਵੇਖਿਆ
ਉਹਦੇ ਲਹੂ ਵਿਚ ਦੌੜਦਾ ਦੀਵਾ ਵੇਖਿਆ
ਫ਼ਿਰ ਦੁੱਖ ਰੰਗੀ ਚੰਗੀ

ਬੀਨ ਵਜਾਓ ਬੀਨ
ਔਰਤ ਆਪਣੇ ਬਿੱਲ ਵਿਚੋਂ ਨਿਕਲ ਆਵੇਗੀ
ਅਜੇ ਔਰਤ ਨੇ ਏਨਾ ਈ ਰੌਣਾ ਸਿੱਖਿਆ ਏ
ਅਜੇ ਦਰੱਖ਼ਤਾਂ ਨੇ ਫੁੱਲਾਂ ਜਿਹੀ ਮੱਕਾਰੀ ਸਿੱਖੀ ਏ
ਅਜੇ ਕਿਨਾਰਿਆਂ ਨੇ ਸਮੁੰਦਰ ਲੁੱਟਣੇ ਸਿੱਖੇ ਨੇਂ
ਸਮੁੰਦਰ ਵੀ ਕਿਨਾਰਿਆਂ ਨਾਲ਼ ਝੂਠ ਬੋਲਦਾ ਏ
ਸਮੁੰਦਰੋਂ ਵਿਛੜੀ ਮੌਜ ਮੇਰੀ ਚਾਨਝਰ ਮਰ ਗਈ
ਵਕਤ ਦੀਆਂ ਅੱਖਾਂ ਪੱਥਰ ਹੋਈਆਂ
ਤੇ ਮੇਰੀ ਪੱਥਰ ਦੁਆ ਨੇ ਪੱਥਰਾਂ ਤੇ ਸੱਜਣ ਲਿਖ ਦਿੱਤਾ

ਬੀਨ ਵਜਾਓ ਬੀਨ
ਔਰਤ ਆਪਣੇ ਹੰਝੂਆਂ ਨਾਲ਼ ਵੁਜ਼ੂ ਕਰ ਲੈਂਦੀ ਏ
ਤੇ ਹਰ ਰਾਤੇ ਚੰਨ ਦੀ ਰਾਟੀ ਪੱਕਾ ਕੇ ਆਪਣੀਆਂ ਲਕੀਰਾਂ ਸਾੜ ਛੱਡਦੀ ਏ
ਮੈਨੂੰ ਚੱਖਣ ਵਾਲੀਆ ਬੱਸ
ਜਾ, ਕੱਟੀ, ਕੱਟੀ, ਕੱਟੀ
ਅੱਗ ਨੰਗੀ ਚੰਗੀ
ਅੱਖ ਰੰਗੀ ਚੰਗੀ
ਮੈਂ ਨੰਗੀ ਚੰਗੀ