ਸੋ ਗੱਲਾਂ ਦੀ ਇਕੋ ਗੱਲ ਏ

ਸੋ ਗੱਲਾਂ ਦੀ ਇਕੋ ਗੱਲ ਏ
ਤੈਨੂੰ ਪਿੱਛੇ ਲਾਨ ਦਾ ਵੱਲ ਏ

ਇਸ਼ਕ ਇਲਾਵਾ ਜੀਣਾ ਕਾਹਦਾ
ਮਰਨ ਇਲਾਵਾ ਕਿਹੜਾ ਹੱਲ ਏ

ਮੌਸਮਾ ! ਤੇਰਾ ਆਨਾ ਜਾਣਾ
ਦੱਸਦਾ ਰਹਿੰਦਾ ਚੱਲ ਸੋ ਚੱਲ ਏ

ਇਸ਼ਕ ਚਿਨ੍ਹਾਂ ਵਿਚ ਡੁੱਬਣਾ ਕੀ ਏ
ਸੱਸੀ ਦੇ ਲਈ ਕਾਹਨੂੰ ਥਲ ਏ

ਜਿਹੜੇ ਪਲ ਸੀ ਸੱਜਣ ਮਿਲਿਆ
ਮੇਰਾ ਜੀਵਨ ਉਹੋ ਪਲ ਏ

"ਕੱਲ੍ਹ ਆਵਾਂਗੀ, ਕੱਲ੍ਹ ਆਵਾਂਗੀ
ਖ਼ੋਰੇ ਤੇਰੀ ਕਿਹੜੀ ਕੱਲ੍ਹ ਏ

ਯਾਰ ਸਫ਼ਈ ਦਾ ਯਾਰ ਰਸੀਲਾ
ਸੁਰਖ਼ ਅਨਾਰਾਂ ਵਰਗਾ ਫੁੱਲ ਏ