ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਪੱਖ ਪਖੇਰੂ ਉਡ ਦੇ ਜਾਂਦੇ
ਮੈਂ ਤਾਂ ਉਡਣ ਹਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਦੋਵਾਂ ਹੱਥੀਂ ਚੁੱਕ ਨਾ ਸਕਦੀ
ਗਠੜੀ ਡਾਢੀ ਭਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਐਰੇ ਗ਼ੈਰੇ ਮੱਤੀਂ ਦਿੰਦੇ
ਦਿੰਦੇ ਵਾਂਗ ਵਪਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਚਾਰ ਚੁਫ਼ੇਰੇ ਰੌਲ਼ਾ ਮਚਿਆ
ਵੱਧ ਗਈ ਬੇ ਜ਼ਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਤਦਬੀਰਾਂ ਦਾ ਵੱਸ ਨਾ ਚਲਦਾ
ਮੈਂ ਲੇਖਾਂ ਦੀ ਮਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਦੁੱਖ ਦਾ ਮੁਡ਼ ਨਾ ਐਵੇਂ ਬਣਦਾ
ਕਰਦਾ ਲੱਖ ਗ਼ਫ਼ਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਅੱਧੀ ਜਿੰਦ ਦਾ ਮੁੱਲ ਨਾ ਪਾਂਦਾ
ਮੰਗਦਾ ਜਿੰਦੜੀ ਸਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਦਮ ਦਮ ਬੈਠੀ ਫੂਕਨੀ ਫੂਕਾਂ
ਭੜਕੇ ਨਾ ਚਿੰਗਾੜੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਰੰਗ ਬਖੇਰਨ ਹੌਲੀ ਆਈ
ਮੈਂ ਟੁੱਟੀ ਪਿਚਕਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਮਾਹੀ ਮੈਨੂੰ ਮੂੰਹ ਵਿਚ ਰੱਖ ਕੇ
ਚੂਸੇ ਵਾਂਗ ਸੁਪਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਫ਼ਿਕਰ ਕਿਆਸ ਦੇ ਪੱਤੇ ਸੁੱਟਾਂ
ਸੋਚ ਨੇ ਬਾਜ਼ੀ ਹਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਮੈਂ ਅਨਾੜੀ, ਜਿੱਤਾਂ ਕਿਵੇਂ
ਖੇਡਾਂ ਸੰਗ ਜਵਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਅੰਦਰ ਦੁੱਖ ਦੇ ਭਾਂਬੜ ਮਚਦੇ
ਉਤੋਂ ਰੈਣ ਅੰਧਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਕੈਦੋ ਤੂੰ ਨਾ ਧੂੜ ਉਡਾਵੀਂ
ਰਾਂਝਣ ਦੇ ਸੰਗ ਯਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਅੰਦਰੋਂ ਰਹਿੰਦੀ ਫਿੱਕੀ ਫਿੱਕੀ
ਬਾਹਰ ਤੇਜ਼ ਕਰਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਸੁੰਜੀਆਂ ਮੇਰੀਆਂ ਗੋਰੀਆਂ ਬਾਹਵਾਂ
ਨਾਂ ਦੀ ਮੈਂ ਸੁਨਿਆਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਮੇਰੇ ਹੱਥ ਤਾਂ ਕੱਖਾਂ ਵਰਗੇ
ਮਾਹੀ ਹੱਥ ਸਰਦਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਮੈਂ ਤਾਂ ਕਲਿਆਂ ਟੁਰ ਨਾ ਸਕਦੀ
ਸਾਜਣ ਹੱਥ ਰਾਹਦਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਜੋਗੀ ਦਾ ਮੈਂ ਪਿੱਛਾ ਕਰਦੀ
ਥਾਂ ਥਾਂ ਹੱਦ ਬਰਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ

ਕਦੇ ਤਾਂ ਸੋਹਣਾਂ ਵੇਲ਼ਾ ਆਸੀ
ਬੰਸਾਂ ਰਾਜ ਦੁਲਾਰੀ

ਝੇੜੇ ਲੱਖ ਜ਼ਮਾਨ ਮਕਾਂ ਦੇ
ਮੀਰਾਂ ਮਾਰ ਉਡਾਰੀ
ਅੜੀਏ ਮੈਂ ਤਾਂ ਬਹੁੰ ਦੁਖਿਆਰੀ