ਗ਼ੈਰਾਂ ਦੇ ਦੁੱਖ ਆਪਣੇ ਅਤੇ ਜਰਦੇ ਰਹੇ

ਗ਼ੈਰਾਂ ਦੇ ਦੁੱਖ ਆਪਣੇ ਅਤੇ ਜਰਦੇ ਰਹੇ
ਗ਼ਮ ਦੇ ਬਦਲ ਸਾਡੇ ਵਿਹੜੇ ਵੜਦੇ ਰਹੇ

ਸੌਂ ਗਏ ਨੇ ਅੱਜ ਪਾਹਰੂ ਸਾਡੀ ਕਿਸਮਤ ਦੇ
ਜਿੱਤੇ ਹੋਏ ਸਾਂ ਫੇਰ ਵੀ ਬਾਜ਼ੀ ਹਿਰਦੇ ਰਹੇ

ਦਿਲ ਦੇ ਖੂਹ ਚੋਂ ਟਿੰਡਾਂ ਖ਼ਾਲੀ ਆਈਆਂ ਨੇ
ਹੰਝੂਆਂ ਦੇ ਖਾਲਾਂ ਚੋਂ ਚਲੀਆਂ ਭਰਦੇ ਰਹੇ

ਅਸੀਂ ਤਾਂ ਉਹ ਤਾਰੇ ਆਂ ਟੁੱਟੇ ਅੰਬਰਾਂ ਤੋਂ
ਬਾਹਰ ਕਿਸੇ ਦੇ ਕੰਮ ਆਏ ਨਾ ਘਰ ਦੇ ਰਹੇ

ਤੇਰੀ ਉਹ ਮਿਸਾਲ ਏ ਸਦਫ਼ ਜ਼ਮਾਨੇ ਵਿਚ
ਲੋਹਾ ਬਣ ਕੇ ਲੱਕੜ ਦੇ ਨਾਲ਼ ਤੁਰਦੇ ਰਹੇ