ਹੀਰ ਵਾਰਿਸ ਸ਼ਾਹ

ਕੈਦੋ ਬਾਹੁੜੀ ਤੇ ਫ਼ਰਿਆਦ ਕੋਕੇ

ਕੈਦੋ ਬਾਹੁੜੀ ਤੇ ਫ਼ਰਿਆਦ ਕੋਕੇ
ਧੀਆਂ ਵਾਲਿਓ ਕਰੋ ਨਿਆਉਂ ਮੀਆਂ

ਮੇਰਾ ਹਟ ਪਸਾਰੀ ਦਾ ਲੁੱਟਿਆ ਨੇਂ
ਕੋਲ਼ ਵੇਖਦਾ ਪਿੰਡ ਗਰਾਓਂ ਮੀਆਂ

ਮੇਰੀ ਭੰਗ ਅਫ਼ੀਮ ਤੇ ਪੋਸਤ ਲੁੜ੍ਹਿਆ
ਹੋਰ ਨਾਮਤਾਂ ਦਾ ਕਿਹਾ ਨਾਉਂ ਮੀਆਂ

ਮੇਰੀ ਤੁਸਾਂ ਦੇ ਨਾਲ਼ ਨਾ ਸਾਂਝ ਕੋਈ
ਪੁੰਨ ਟੁਕੜੇ ਪਿੰਡ ਦੇ ਖਾਊਂ ਮੀਆਂ

ਤੋਤੀ ਬਾਗ਼ ਉਜਾੜ ਦੀ ਮੇਵਿਆਂ ਦੇ
ਅਤੇ ਫਾਹ ਲਿਆਉਂਦੇ ਕਾਉਂ ਮੀਆਂ

ਵਾਰਿਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ
ਕਿਹੜੇ ਕਿਹੜੇ ਦਾ ਲਵਾਂ ਨਾਉਂ ਮੀਆਂ