ਹੀਰ ਵਾਰਿਸ ਸ਼ਾਹ

ਸੁੰਜਾ ਲੋਗ ਬਖ਼ੀਲ ਹੈ ਬਾਬ ਮੈਂਡੇ

ਸੁੰਜਾ ਲੋਗ ਬਖ਼ੀਲ ਹੈ ਬਾਬ ਮੈਂਡੇ
ਮੇਰਾ ਰੱਬ ਬਖ਼ੀਲ ਨਾ ਲੋੜਈਏ ਜੀ

ਕੀਜੇ ਗ਼ੌਰ ਤੇ ਕੰਮ ਬਣਾ ਦੁਜੇ
ਮਿਲੇ ਦਿਲਾਂ ਨੂੰ ਨਾ ਵਛੋੜਈਏ ਜੀ

ਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ
ਨਾਲ਼ ਆਜ਼ਿਜ਼ਾਂ ਕਰੋ ਨਾ ਜ਼ੋ ਰਈਏ ਜੀ

ਕੋਈ ਕੰਮ ਗ਼ਰੀਬ ਦਾ ਕਰੇ ਜ਼ਾਏ
ਸਗੋਂ ਓਸਨੂੰ ਹਟਕੀਏ ਹੋੜਈਏ ਜੀ

ਬੇੜਾ ਲੱਦਿਆ ਹੋਇਆ ਮੁਸਾਫ਼ਰਾਂ ਦਾ
ਪਾਰ ਲਾਈਏ ਵਿਚ ਨਾ ਬੋੜਈਏ ਜੀ

ਜ਼ਮੀਨ ਨਾਲ਼ ਨਾ ਮਾਰਈਏ ਫੇਰ ਆਪੇ
ਹੱਥੀਂ ਜਿਨ੍ਹਾਂ ਨੂੰ ਚਾੜ੍ਹੀਏ ਘੋੜਈਏ ਜੀ

ਭਲਾ ਕਰਦਿਆਂ ਢਿੱਲ ਨਾ ਮੂਲ ਕੀਜੇ
ਕਿੱਸਾ ਤੂਲ ਦਰਾਜ਼ ਨਾ ਤੋ ਰਈਏ ਜੀ

ਵਾਰਿਸ ਸ਼ਾਹ ਯਤੀਮ ਦੀ ਗ਼ੌਰ ਕਰੀਏ
ਹੱਥ ਆਜ਼ਿਜ਼ਾਂ ਦੇ ਨਾਲ਼ ਜੋੜੀਏ ਜੀ