ਹੀਰ ਵਾਰਿਸ ਸ਼ਾਹ

ਹੀਰ ਆਖਦੀ ਜੋਗੀਆ ਝੂਠ ਆਖੀਂ

ਹੀਰ ਆਖਦੀ ਜੋਗੀਆ ਝੂਠ ਆਖੀਂ
ਕੌਣ ਰੁਠੜੇ ਯਾਰ ਮਿਲਾਉਂਦਾ ਈ

ਈਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ
ਜਿਹੜਾ ਗਿਆਂ ਨੂੰ ਮੋੜ ਲਿਆਉਂਦਾ ਈ

ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ
ਜਿਹੜਾ ਜੀਵ ਦਾ ਰੋਗ ਗਵਾਉਂਦਾ ਈ

ਭਲਾ ਦੱਸ ਖਾਂ ਚਿਰੀਂ ਵਿਛੁੰਨੀਆਂ ਨੂੰ
ਕਦੋਂ ਰੱਬ ਸੱਚਾ ਘਰੀਂ ਲਿਆਉਂਦਾ ਈ

ਭਲਾ ਮੋਏ ਤੇ ਵਿਛੜੇ ਕੌਣ ਮਿਲੇ
ਐਵੇਂ ਜੀਵੜਾ ਲੋਕ ਦਿਲਾਉਂਦਾ ਈ

ਇਕ ਬਾਜ਼ ਥੋਂ ਕਾਣੋ ਨੇ ਕੂੰਜ ਖੋਈ
ਵੇਖਾਂ ਚੁੱਪ ਹੈ ਕਿ ਕੁਰਲਾਉਂਦੀ ਈ

ਅਕਸ ਜੱਟ ਦੇ ਖੇਤ ਨੂੰ ਅੱਗ ਲੱਗੀ
ਵੇਖਾਂ ਆਨ ਕੇ ਕਦੋਂ ਬੁਝਾਉਂਦਾ ਈ

ਦੀਆਂ ਚੋਰੀਆਂ ਘਿਓ ਦੇ ਬਾਲ ਦੇਵੇ
ਵਾਰਿਸ ਸ਼ਾਹ ਜੇ ਸੁੰਨਾਂ ਮੈਂ ਆਉਂਦਾ ਈ