ਹੀਰ ਵਾਰਿਸ ਸ਼ਾਹ

ਭਾਬੀ ਏਸ ਜੇ ਗਿੱਧੇ ਦੀ ਉੜੀ ਬੁੱਧੀ

ਭਾਬੀ ਏਸ ਜੇ ਗਿੱਧੇ ਦੀ ਉੜੀ ਬੁੱਧੀ
ਅਸੀਂ ਰੰਨਾਂ ਭੀ ਚਿਹਾ ਚਹਾਰਿਆਂ ਹਾਂ

ਇਹ ਮਾਰਿਆ ਏਸ ਜਹਾਨ ਤਾਜ਼ਾ
ਅਸੀਂ ਰੋਜ਼ ਮੀਸਾਕ ਦੀਆਂ ਮਾਰੀਆਂ ਹਾਂ

ਇਹ ਜ਼ਿੱਦ ਦੀ ਛੁਰੀ ਜੇ ਹੋਇ ਬੈਠਾ
ਅਸੀਂ ਚਿਹਾ ਦੀਆਂ ਤੇਜ਼ ਕਟਾਰੀਆਂ ਹਾਂ

ਜੇ ਇਹ ਗੁੰਡਿਆਂ ਵਿਚ ਹੈ ਪੈਰ ਧਰਦਾ
ਅਸੀਂ ਖ਼ਚਰੀਆਂ ਬਾਂਕਿਆਂ ਡਾਰੀਆਂ ਹਾਂ

ਮਰਦ ਰੰਗਮਹਿਲ ਹਨ ਅਸ਼ਰ ਤਾਂ ਦੇ
ਅਸੀਂ ਜ਼ੌਕ ਤੇ ਮਜ਼ੇ ਦੀਆਂ ਮਾੜੀਆਂ ਹਾਂ

ਇਹ ਆਪ ਨੂੰ ਮਰਦ ਸਦਾਉਂਦਾ ਹੈ
ਅਸੀਂ ਨਰਾਂ ਦੇ ਨਾਲ਼ ਦੀਆਂ ਨਾਰੀਆਂ ਹਾਂ

ਏਸ ਚਾਕ ਦੀ ਕੌਣ ਮਜਾਲ ਹੈ ਨੀ
ਰਾਜੇ ਭੋਜ ਥੀਂ ਅਸੀਂ ਨਾ ਹਾਰੀਆਂ ਹਾਂ

ਵਾਰਿਸ ਸ਼ਾਹ ਵਿਚ ਹੱਕ ਸਫ਼ੈਦ ਪੋਸ਼ਾਂ
ਅਸੀਂ ਹੋਰੀ ਦੀਆਂ ਰੰਗ ਪਿਚਕਾਰੀਆਂ ਹਾਂ