ਹੀਰ ਵਾਰਿਸ ਸ਼ਾਹ

ਜਦੋਂ ਖ਼ਲਕ ਪੈਦਾ ਕੀਤੀ ਰੱਬ ਸੱਚੇ

ਜਦੋਂ ਖ਼ਲਕ ਪੈਦਾ ਕੀਤੀ ਰੱਬ ਸੱਚੇ
ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ

ਰੰਨਾਂ ਛੋਕਰੇ ਜਣ ਸ਼ੈਤਾਨ ਰਾਵਲ
ਕੁੱਤਾ ਕੁਕੜੀ ਬੱਕਰੀ ਅੱਠ ਸਾਰੇ

ਈਹਾ ਮੂਲ ਫ਼ਸਾਦ ਦਾ ਹੋਏ ਪੈਦਾ
ਜਿਨ੍ਹਾਂ ਸਭ ਜਗਤ ਦੇ ਮੂਲ ਮਾਰੇ

ਆਦਮ ਕੱਢ ਬਹਿਸ਼ਤ ਥੀਂ ਖ਼ਾਰ ਕੀਤਾ
ਇਹ ਡਾਈਨਾਂ ਧੁਰੋਂ ਹੀ ਕਰਨ ਕਾਰੇ

ਇਹ ਕਰਨ ਫ਼ਕੀਰ ਚਾ ਰਾਜਿਆਂ ਨੂੰ
ਉਨ੍ਹਾਂ ਰਾਓ ਰਜ਼ਾ ਦੜੇ ਸਿੱਧ ਮਾਰੇ

ਵਾਰਿਸ ਸ਼ਾਹ ਜੋ ਹੁਨਰ ਸਭ ਵਿਚ ਮਰਦਾਂ
ਅਤੇ ਮਹਿਰੀਆਂ ਵਿਚ ਨੇਂ ਐਬ ਸਾਰੇ