ਹੀਰ ਵਾਰਿਸ ਸ਼ਾਹ

ਉਜੂ ਆਖਿਆ ਸੈਦਿਆ ਜਾਹ ਭਾਈ

ਉਜੂ ਆਖਿਆ ਸੈਦਿਆ ਜਾਹ ਭਾਈ
ਇਹ ਵਹੁਟੀਆਂ ਬਹੁਤ ਪਿਆਰਿਆਂ ਜੀ

ਜਾ ਬਣਾ ਕੇ ਹੱਥ ਸਲਾਮ ਕਰਨਾ
ਤੁਸਾਂ ਤਾਰਿਆਂ ਖ਼ਲਕਤਾਂ ਸਾਰੀਆਂ ਜੀ

ਅੱਗੇ ਨਜ਼ਰ ਰੱਖੀਂ ਸਭੁ ਹਾਲ ਦੱਸੀਂ
ਅੱਗੇ ਜੋ ਗੇੜੇ ਦੇ ਕਰੀਂ ਜ਼ਾਰੀਆਂ ਜੀ

ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ
ਖੋਲ ਕਹੀਂ ਹਕੀਕਤਾਂ ਸਾਰੀਆਂ ਜੀ

ਆਖੀਂ ਵਾਸਤੇ ਰੱਬ ਦੇ ਚਲੋ ਜੋਗੀ
ਸਾਨੂੰ ਬਣੀਆਂ ਮੁਸੀਬਤਾਂ ਭਾਰੀਆਂ ਜੀ

ਜੋਗੀ ਮਾਰ ਮੰਤਰ ਸੱਪ ਕਰੇ ਹਾਜ਼ਰ
ਜਾ ਲਿਆ ਵਲਾਈ ਕੇ ਵਾਰੀਆਂ ਜੀ

ਵਾਰਿਸ ਸ਼ਾਹ ਓਥੇ ਨਾਹੀਂ ਫਿਰੇ ਮੰਤਰ
ਜਿਥੇ ਇਸ਼ਕ ਨੇ ਦਿੰਦਿਆਂ ਮਾਰੀਆਂ ਜੀ