ਹੀਰ ਵਾਰਿਸ ਸ਼ਾਹ

ਨਿਕਲ ਕੋਠਿਓਂ ਤੁਰਨ ਨੂੰ ਤਿਆਰ ਹੋਇਆ

ਨਿਕਲ ਕੋਠਿਓਂ ਤੁਰਨ ਨੂੰ ਤਿਆਰ ਹੋਇਆ
ਸਹਿਤੀ ਆਨ ਹਜ਼ੂਰ ਸਲਾਮ ਕੀਤਾ

ਬੇੜਾ ਲਾ ਬਣੇ ਅਸਾਂ ਆਜ਼ਿਜ਼ਾਂ ਦਾ
ਰੱਬ ਫ਼ਜ਼ਲ ਤੇਰੇ ਅਤੇ ਆਮ ਕੀਤਾ

ਮੇਰਾ ਯਾਰ ਮਿਲਾ ਵਿੰਨ੍ਹ ਵਾਸਤਾ ਈ
ਅਸਾਂ ਕੰਮ ਤੇਰਾ ਸਿਰ ਅੰਜਾਮ ਕੀਤਾ

ਭਾਬੀ ਹੱਥ ਫੜ ਆਈ ਕੇ ਤੋਰ ਦਿੱਤੀ
ਕੰਮ ਖੇੜਿਆਂ ਦਾ ਸਭੁ ਖ਼ਾਮ ਕੀਤਾ

ਤੇਰੇ ਵਾਸਤੇ ਮਾਪਿਆਂ ਨਾਲ਼ ਕੀਤੀ
ਜੋ ਕਿਝੁ ਅਲੀ (ਰਜ਼ੀ.) ਦੇ ਨਾਲ਼ ਗ਼ੁਲਾਮ ਕੀਤਾ

ਜੋ ਕਿਝੁ ਹੋ ਵੰਨੀ ਸੀਤਾ ਦੇ ਨਾਲ਼ ਕੀਤੀ
ਅਤੇ ਦਹਸਰੇ ਨਾਲ਼ ਜੋ ਰਾਮ ਕੀਤਾ

ਵਾਰਿਸ ਜਿਸ ਤੇ ਆਪ ਮਿਹਰਬਾਨ ਹੋਵੇ
ਓਥੇ ਫ਼ਜ਼ਲ ਨੇ ਆਨ ਮੁਕਾਮ ਕੀਤਾ