ਹਰਾ ਰੰਗ ਹਰਿਆਲੀ ਮੌਤ

ਹਰਾ ਰੰਗ ਹਰਿਆਲੀ ਮੌਤ
ਪਾਣੀ ਦੇ ਦੇ ਪਾਲ਼ੀ ਮੌਤ

ਲੁਕਦਾ ਛਪਦਾ ਫਿਰਦਾ ਮੈਂ
ਦਿੰਦੀ ਰੋਜ਼ ਵਿਖਾਲੀ ਮੌਤ

ਕਈ ਵਾਰ ਮੈਂ ਮਰ ਚੁੱਕੀਆਂ
ਕਈ ਵਾਰ ਮੈਂ ਟਾਲੀ ਮੌਤ

ਪਾਲੇ ਪਏ ਤੇ ਵਿਹੜੇ ਵਿਚ
ਹੱਥ ਸੇਕਣ ਨੂੰ ਬਾਲੀ ਮੌਤ

ਕੇਹੀ ਸੱਜੀ ਸੱਜੀ ਲੱਗੀ ਸੀ
ਗੋਰੇ ਰੰਗ ਤੇ ਕਾਲ਼ੀ ਮੌਤ

ਆਪਣੇ ਅੰਦਰ ਪਾ ਲਈ ਮੈਂ
ਬਣ ਗਈ ਲਹੂ ਦੀ ਲਾਲੀ ਮੌਤ

ਦੂਰੋਂ ਉੱਡਦੀ ਆ ਜਾਨੀ ਐਂ
ਸਾਵੀਆਂ ਖੁੰਬਾਂ ਵਾਲੀ ਮੌਤ

ਮਰਨਾ ਮੈਥੋਂ ਵੱਖ ਨਹੀਂ
ਰੋਜ਼ ਈ ਮਰਾਂ ਖ਼ਿਆਲੀ ਮੌਤ

ਮੈਂ ਈ ਘਰ ਨਹੀਂ ਹੁੰਦਾ ਜ਼ਫ਼ਰਾ
ਆਉਂਦੀ ਸਾਲ ਬਸਾਲੀ ਮੌਤ