ਕਾਲਕ ਸਾਰੀ ਰਾਤ ਦੀ ਅੱਖੀਆਂ ਵਿਚ ਪੂਰੋ ਕੇ

ਕਾਲਕ ਸਾਰੀ ਰਾਤ ਦੀ ਅੱਖੀਆਂ ਵਿਚ ਪੂਰੋ ਕੇ
ਵੇਖਾਂ ਚੜ੍ਹਦੇ ਚੰਨ ਨੂੰ ਸ਼ਹਿਰੋਂ ਬਾਹਰ ਖਲੋ ਕੇ

ਅੰਦਰ ਬਾਹਰ ਸ਼ੂਕਦੀ ਗੁਝੀ ਭੀੜ ਅਕਲ ਦੀ
ਲੱਭਾਂ ਆਪਣੇ ਆਪ ਨੂੰ ਉਨ੍ਹਾਂ ਕਮਲਾ ਹੋ ਕੇ

ਚਾਰੇ ਪਾਸੇ ਰਹਿ ਗਿਆ ਮੈਲ਼ਾ ਪਾਣੀ ਹੜ੍ਹ ਦਾ
ਹੱਸਾਂ ਕਿਸ ਦੇ ਸਾਹਮਣੇ ਦੱਸਾਂ ਕਿਸ ਨੂੰ ਰੋ ਕੇ

ਸ਼ੋਰ ਪੁਰਾਣਾ ਸ਼ਹਿਰ ਦਾ ਪੁੱਜਿਆ ਜੰਗਲ਼ ਵਿਚ ਵੀ
ਵਾਪਸ ਆ ਗਏ ਗਨਾਨਹਾ ਦਾ ਭਾਰ ਸਿਰਾਂ ਦੇ ਢੋ ਕੇ

ਟੱਕਰ ਮਾਰਨ ਲਈ, ਜ਼ਫ਼ਰ ਪੈ ਗਈ ਕੰਧ ਉਸਾਰਨੀ
ਸਾਵੇ ਪੀਲੇ ਲਹੂ ਵਿਚ ਕਾਲ਼ੀ ਮਿੱਟੀ ਗੋ ਕੇ