ਅੱਕ ਸਵਾਦੀ ਲੱਗੇ

ਸੱਈਓ ਨੀ
ਮੈਨੂੰਅੱਕ ਸਵਾਦੀ ਲੱਗੇ
ਪੀੜਾਂ ਹੇਠ ਹੰਢਾਵਾਂ ਜਿੰਦੜੀ
ਸਾਹਵਾਂ ਦੇ ਵਿਚ ਖੱਗੇ
ਸੱਈਓ ਨੀ !
ਮੈਨੂੰ ਅੱਕ ਸਵਾਦੀ ਲੱਗੇ

ਚੇਤਰ ਮਾਹੀ ਸੱਜਰੀ ਵਾਅ ਨਾਲ਼
ਖਿੜਨ ਫੁੱਲਾਂ ਦੇ ਡੋਡੇ
ਮੈਂ ਕਬਰਾਂ ਵੱਲ ਟੁਰਦਾ ਜਾਵਾਂ
ਲਾ ਹਿੱਜਰਾਂ ਨੂੰ ਮੋਢੇ
ਸਾਹੋਂ ਟੁਰ ਕੰਡਿਆਲੀਆਂ ਚੀਕਾਂ
ਆ ਰੁਕੀਆਂ ਸ਼ਾਹਰਗੇ
ਸੱਈਓ ਨੀ !
ਮੈਨੂੰ ਅੱਕ ਸਵਾਦੀ ਲੱਗੇ

ਮੇਰੀ ਅੱਥਰੀ ਆਸ ਤੇ ਸੌਂ ਗਈ
ਰਾਤ ਹਟਕੋਰੇ ਭਰ ਦੀ
ਓਸੇ ਰਾਤ ਇਕ ਘੁੱਗੀ ਮਰ ਗਈ
ਪਾਲੇ ਦੇ ਵਿਚ ਠਰਦੀ
ਟੀਸਾਂ ਵਾਲੀ ਲਹਿਰ ਨੇ ਕੀਤੇ
ਫੁੱਲਾਂ ਦੇ ਰੰਗ ਬੱਗੇ
ਸੱਈਓ ਨੀ !
ਮੈਨੂੰ ਅੱਕ ਸਵਾਦੀ ਲੱਗੇ

ਸਾਹਵਾਂ ਪੱਲੇ ਦੁੱਖ ਚਿੰਤਾ ਦੇ
ਹੰਝੂ ਸਲੂਣੇ ਰਿੱਧੇ
ਜੇ ਕੋਈ ਦੁਖਦੀ ਰਗ ਨੂੰ ਛੇੜੇ
ਹੱਸ ਹੱਸ ਪਾਵਾਂ ਗਿੱਧੇ
ਹੱਥ ਦੇ ਛੱਲੇ ਦੇਵਾਂ ਜੇਕਰ
ਸੁਖ ਦਾ ਦੀਵਾ ਜੱਗੇ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 34 ( ਹਵਾਲਾ ਵੇਖੋ )