ਜੱਗ ਸਰਮਾਈਏ ਦਾਰਾਂ ਦਾ

ਇੱਕ ਸਦੀ ਨੂੰ ਚਾੜ੍ਹ ਤਨਘਾੜੇ
ਸਾਗਰ ਪਾਰ ਕਰਾਇਆ ਏ
ਮੇਰੇ ਹੱਥ ਕੀ ਆਇਆ ਏ?

ਮੈਂ ਸੂਰਜ ਦੀ ਲੋਅ ਦੇ ਵਿਚੋਂ
ਇਕ ਗਲਾਸੀ ਪੀਤੀ ਸੀ
ਰੱਜ ਕੇ ਮਿਹਨਤ ਕੀਤੀ ਸੀ

ਚਾਨਣ ਦੇ ਇੱਕ ਘੱਟ ਦੀ ਖ਼ਾਤਿਰ
ਕਿੰਨੇ ਈ ਚੰਨ ਹੰਢਾਏ ਨੇਂ
ਫ਼ਿਰ ਵੀ ਬੁਲਾ ਤ੍ਰਿਹਾਏ ਨੇਂ

ਖ਼ੋਰੇ ਜ਼ਿੰਦਾ ਰਹਿਣ ਦੀ ਕੱਦ ਤੱਕ
ਚਿੱਟੀ(ਟੈਕਸ)ਭਰਨੀ ਪੈਣੀ ਏ
ਜਿੰਦੜੀ ਡਰਦੀ ਰਹਿਣੀ ਏ

ਸੱਚ ਪੁੱਛੋ ਤੇ ਕਾਹਦਾ ਜੀਵਣਾ
ਮਜਬੂਰਾਂ ਲਾਚਾਰਾਂ ਦਾ
ਜੱਗ ਸਰਮਾਈਏ ਦਾਰਾਂ ਦਾ

ਮੇਰੇ ਖ਼ੂਨ ਪਸੀਨੇ ਦੇ ਨਾਲ਼
ਸੇਠਾਂ ਮਹਿਲ ਬਣਾਏ ਨੇਂ
ਮੈਂ ਤੇ ਹੱਥ ਜ਼ਖ਼ਮਾਏ ਨੇਂ