ਮੈਂ ਇਹ ਜਸ਼ਨ ਮਨਾ ਨਹੀਂ ਸਕਦਾ

ਮੈਂ ਇਹ ਜਸ਼ਨ ਮਨਾ ਨਹੀਂ ਸਕਦਾ

ਮੇਰਿਓ ਸੱਜਣੋ! ਮੇਰਿਓ ਮਿੱਤਰੋ
ਪੰਦਰਾ ਵੀਹ ਕਨਾਲ ਦੇ ਉੱਤੇ
ਮੇਰੀ ਵੀ ਇਕ ਕੋਠੀ ਹੁੰਦੀ
ਸਤਰ ਅੱਸੀ ਕਿਤੇ ਬੱਲੇ
ਮੇਰੇ ਆਲ ਦੁਆਲੇ ਹੁੰਦੇ
ਲੰਬੀ ਲੈਂਡ ਕਰੂਜ਼ਰ ਹੁੰਦੀ

ਜਾਗੀਰਾਂ ਦਾ ਮਾਲਿਕ ਹੁੰਦਾ
ਸਵਿਟਜ਼ਰਲੈਂਡ ਦੇ ਬੈਂਕਾਂ ਦੇ ਵਿਚ
ਮੇਰੇ ਵੀ ਕੁੱਝ ਖਾਤੇ ਹੁੰਦੇ
ਮਰਕਜ਼ ਯਾਂ ਇਕ ਸੂਬੇ ਉੱਤੇ
ਮੇਰੀ ਵੀ ਸਰਦਾਰੀ ਹੁੰਦੀ

ਮੱਤ ਲੋਕਾਂ ਦੀ ਮਾਰੀ ਹੁੰਦੀ
ਯਾਰੀ ਨਾਲ਼ ਜ਼ਰਦਾਰੀ ਹੁੰਦੀ
ਦੁੱਖਾਂ ਮਾਰੀ ਖ਼ਲਕਤ ਨੂੰ ਮੈਂ
ਦੋ ਦੋ ਹੱਥੀਂ ਲੁੱਟ ਕੇ ਖਾਂਦਾ
ਮੈਂ ਵੀ ਫ਼ਿਰ ਇਹ ਜਸ਼ਨ ਮਨਾਂਦਾ
ਪਰ ਮੇਰਾ ਤਾਂ ਹਾਲ ਏ ਇੰਜ ਦਾ
ਜੇ ਕਰ ਫ਼ਜਰੇ ਰੋਟੀ ਖਾਵਾਂ
ਸ਼ਾਮ ਨੂੰ ਡਾਹਢੀ ਔਖੀ ਲੱਭਦੀ

ਸਾਰਾ ਦਿਨ ਮਜ਼ਦੂਰੀ ਕਰਨਾਂ
ਫ਼ਿਰ ਵੀ ਘਰ ਦਾ ਖ਼ਰਚ ਨਹੀਂ ਚਲਦਾ
ਬਾਲ ਵਿਚਾਰੇ ਰੋਂਦੇ ਰਹਿੰਦੇ
ਮੈਥੋਂ ਝੰਡੀਆਂ ਮੰਗਦੇ ਰਹਿੰਦੇ
ਘਰ ਵਿਚ ਝੰਡੀਆਂ ਲਾ ਨਹੀਂ ਸਕਦਾ
ਮੈਂ ਇਹ ਜਸ਼ਨ ਮਨਾ ਨਹੀਂ ਸਕਦਾ
ਧੀ ਦਾ ਦਾਜ ਬਣਾ ਨਹੀਂ ਸਕਦਾ

ਮਾਂ ਦਾ ਇਲਾਜ ਕਰਾ ਨਹੀਂ ਸਕਦਾ
ਧਰਤੀ ਅਤੇ 5 ਮਰਲੇ ਵੀ
ਆਪਣੇ ਨਾਂ ਲਵਾ ਨਹੀਂ ਸਕਦਾ
ਆਏ ਗਏ ਕਿਸੇ ਮਿੱਤਰ ਨੂੰ
ਚਾਅ ਦਾ ਕੱਪ ਪੱਲਾ ਨਹੀਂ ਸਕਦਾ
ਭੁੱਖ ਦੀ ਡੈਣ ਬੂਹੇ ਤੇ ਬੈਠੀ
ਆਪਣੇ ਬਾਲ ਬਚਾ ਨਹੀਂ ਸਕਦਾ
ਮੈਂ ਇਹ ਜਸ਼ਨ ਮਨਾ ਨਹੀਂ ਸਕਦਾ
ਮੈਂ ਇਹ ਜਸ਼ਨ ਮਨਾ ਨਹੀਂ ਸਕਦਾ