ਮੁੜ ਉਹ ਨਾ ਆਈ

ਮੁੜ ਉਹ ਰਾਤ ਨਾ ਆਈ
ਮੁੜ ਉਹ ਚੰਨ ਨਾ ਚੜ੍ਹਿਆ
ਮੁੜ ਉਹ ਨੂਰ ਨਾ ਖਿੰਡਿਆ
ਟੋਹ ਟੋਹ ਕਾਲੇ ਸ਼ਾਹ ਹਨੇਰੇ
ਰੋ ਰੋ ਰਾਤ ਲੰਘਾਈ
ਮੁੜ ਉਹ ਰਾਤ ਨਾ ਆਈ

ਜਿਸ ਵਿਚ ਸੁੱਤੇ ਹੋਏ ਨੇਂ ਸਾਡੇ
ਕੌਲਾਂ ਭਰੇ ਹੰਝੂ ਤੇ ਹਾਸੇ
ਜਿਸ ਵਿਚ ਇੱਕ ਦੂਜੇ ਨੂੰ ਇੱਕ ਮੁੱਕ
ਹੋਣ ਦੀ ਸੌਂਹ ਸੀ ਪਾਈ
ਮੁੜ ਉਹ ਰਾਤ ਨਾ ਆਈ

ਔਂਦਿਆਂ ਰਾਤਾਂ ਜਾਂਦੀਆਂ ਰਾਤਾਂ
ਕਾਲੀਆਂ ਰਾਤਾਂ ਚਾਨਣੀਆਂ ਰਾਤਾਂ
ਤੜਫ਼ਦੀਆਂ ਤੜਫ਼ਾ ਨਦੀਆਂ ਰਾਤਾਂ
ਪਰ ਉਸ ਚਾਵਾਂ ਭਰੀ ਰਾਤ ਨੇ
ਮੁੜ ਔਰ ਝਾਤ ਨਾ ਪਾਈ
ਮੁੜ ਉਹ ਰਾਤ ਨਾ ਆਈ

ਕਦੇ ਲਏ ਹਨ ਵਾਲ਼ ਗਨਧਾਵਾਂ
ਹਾਰ ਹਮੇਲਾਂ ਲੌਂਗ ਵਾਲਿਆਂ ਪਾਵਾਂ
ਸੁਰਮੇ ਮਹਿੰਦੀਆਂ ਲਾਵਾਂ
ਸੱਜਣਾਂ ਬਾਂਝ ਸ਼ਿੰਗਾਰ ਨੀ ਜਿੰਦੇ
ਲੋਕਾਂ ਲਈ ਮੈਂ ਚੰਗੀ ਭਲੀ ਆਂ
ਆਪਣੇ ਲਈ ਸ਼ੁਦਾਈ
ਵੇਖ ਲੈ ਤੇਰੇ ਪਿਆਰ ਨੇ ਜਿਹੜੀ
ਹਾਲਤ ਮੇਰੀ ਬਣਾਈ
ਮੁੜ ਉਹ ਰਾਤ ਨਾ ਆਈ

ਹਵਾਲਾ: ਤ੍ਰਿੰਞਣ ( ਹਵਾਲਾ ਵੇਖੋ )