ਇਕ ਯਾਦ

ਉਹ ਦਿਨ ਮੇਰੇ ਅੰਦਰੋਂ ਕਿਸ ਨੂੰ ਲੱਭਦੇ
ਕਿਸ ਨੂੰ ਸੋਚਦੇ
ਉਹ ਦਿਨ ਮੈਨੂੰ ਕੀ ਦੱਸਦੇ
ਮੈਥੋਂ ਕੀ ਪੁੱਛਦੇ
ਉਹ ਦਿਨ ਮੈਨੂੰ ਕੀ ਦਿੰਦੇ
ਮੈਥੋਂ ਕੀ ਮੰਗਦੇ

ਉਹ ਦਿਨ
ਮੇਰੇ ਅਵਾਰਾ ਪੈਰਾਂ ਦੀ ਭਟਕਣ ਦੇ ਦਿਨ
ਮੇਰੇ ਗੁਨਾਹਵਾਂ ਦੇ ਦਿਨ
ਕਿਹੜੇ ਜ਼ਖ਼ਮਾਂ ਦਾ ਹਿਸਾਬ ਮੰਗਦੇ
ਤੇ ਕਿਹੜਾ ਨਵਾਂ ਉਧਾਰ ਚਾਹੜ ਦੇ
ਕੀ ਦੱਸਾਂ ਕੌਣ ਏ ਉਨ੍ਹਾਂ ਦਿਨਾਂ ਦੇ ਰੋਹ ਵਿਚ ਸਮਾਇਆ ਹੋਇਆ
ਕੌਣ ਏ ਉਨ੍ਹਾਂ ਦਿਨਾਂ ਦੇ ਪਿੰਡੇ ਵਿਚ ਘੱਲਿਆ ਹੋਇਆ
ਕੋਈ ਨਹੀਂ, ਕੋਈ ਨਹੀਂ
ਸਿਰਫ਼ ਪੈਰਾਂ ਦੇ ਕੁੱਝ ਨਿਸ਼ਾਨ
ਕੁੱਝ ਨਹੀਂ, ਕੁੱਝ ਨਹੀਂ
ਸਿਰਫ਼ ਇਕ ਪੇੜ ਦਾ ਵੀਰਾਨ ਚਿਹਰਾ

ਤੇ ਇਕ ਉਜਾੜ ਰੂਹਾਂ ਤੇ ਜਿਸਮਾਂ ਵਿਚ ਡਿੱਗ ਕੇ ਟੁੱਟਿਆ ਏ
ਅਪਣਾ ਮੂੰਹ ਲੁਕੋ ਲੈ
ਤੇਰੇ ਫੱਟੜ ਹੋਂਠ ਜੇ ਕਿਸੇ ਵੇਖ ਲਏ
ਤਾਂ ਤੇਰੀ ਯਾਦ ਨੰਗੀ ਹੋ ਜਾਏਗੀ
ਤੇਰੇ ਜ਼ਮੀਰ ਵਾਂਗਰ
(1970)

ਹਵਾਲਾ: ਇੱਕ ਉੱਧੜੀ ਕਿਤਾਬ ਦੇ ਵਰਕੇ; ਸੰਗ ਮੇਲ ਪਬਲੀਕੇਸ਼ਨਜ਼