ਆ ਪਿਆਰ ਕਰੀਏ
ਫੁੱਲਾਂ ਨੂੰ
ਮਾਂ ਦੀਆਂ ਦੁੱਧਲ ਛਾਤੀਆਂ ਨੂੰ
ਕਿ ਬੰਦੇ ਦੀ ਹਯਾਤੀ, ਇਨ੍ਹਾਂ ਚਸ਼ਮਿਆਂ ਦੇ ਰਸ ਨਾਲ਼ ਜੁੜੀ ਹੋਈ
ਕੋਲਿਆਂ ਜਵਾਬ ਬਾਂਹਵਾਂ ਨੂੰ
ਬਾਲ ਦੇ ਕੋਲੇ ਰੇਸ਼ਮ ਹੱਥਾਂ ਨੂੰ
ਕਣਕ ਦੇ ਜਵਾਨ ਸਿੱਟਿਆਂ ਨੂੰ

ਆ ਪਿਆਰ ਕਰੀਏ
ਥਾਂ ਥਾਂ ਪਾਟੀ ਹੋਈ, ਲੂਸੀ ਹੋਈ, ਵੰਡੀ ਹੋਈ ਧਰਤੀ ਨੂੰ
ਅਮਨ ਦੀ ਕਿਤਾਬ ਨੂੰ
ਜਿਹੜੀ ਵਰਕਾ ਵਰਕਾ ਉੱਧੜ ਦੀ ਪਈ
ਨਾਰੀ ਦੇ ਸਾਗਰ ਪਿੰਡੇ ਨੂੰ
ਵਰਾਗ ਨੂੰ, ਰਾਗ ਨੂੰ
ਸਮੁੰਦਰ ਦੇ ਝੱਲ ਪੰਨੇ ਨੂੰ
ਸੱਚ ਦੇ ਕਾਲੇ ਚਿਹਰੇ ਨੂੰ
ਹੋਂਠਾਂ ਦੇ ਪਾਟੇ ਕਾਗਤ ਨੂੰ
ਕਲਮ ਦੀ ਤਿੱਖੀ ਮੁਸਕਾਨ ਨੂੰ

ਉਹਨੂੰ ਮੌਤ ਦੀ ਸਜ਼ਾ ਸੁਣਾਈ ਗਈ ਏ
ਤੇ ਉਹ ਆਪਣੀ ਸੱਜਰੀ ਕਵਿਤਾ ਗੁਣਗੁਣਾ ਰਿਹਾ
ਗਾ ਰਿਹਾ, ਗਾਈ ਜਾ ਰਿਹਾ।।।।।।।।
(1969)

ਹਵਾਲਾ: ਇੱਕ ਉੱਧੜੀ ਕਿਤਾਬ ਦੇ ਵਰਕੇ; ਸੰਗ ਮੇਲ ਪਬਲੀਕੇਸ਼ਨਜ਼