ਸ਼ਾਮ-ਸਵੇਰੇ ਸੀਨੇ ਲਾ ਕੇ ਰੋਨਾ ਵਾਂ

ਸ਼ਾਮ-ਸਵੇਰੇ ਸੀਨੇ ਲਾ ਕੇ ਰੋਨਾ ਵਾਂ ।
ਮੈਂ ਉਹਦੀ ਤਸਵੀਰ ਬਣਾ ਕੇ ਰੋਨਾ ਵਾਂ ।

ਥਾਂਈ-ਥਾਂਈ ਮੈਨੂੰ ਭੰਡਦਾ ਫਿਰਦਾ ਏ
ਉਹਨੂੰ ਆਪਣਾ ਯਾਰ ਬਣਾ ਕੇ ਰੋਨਾ ਵਾਂ ।

ਪਹਿਲਾਂ ਬਜ਼ਮਾਂ ਅੰਦਰ ਖਿੜ-ਖਿੜ ਹਸਦਾ ਸਾਂ
ਹੁਣ ਮੈਂ ਸਭ ਤੋਂ ਲੁੱਕ-ਲੁਕਾ ਕੇ ਰੋਨਾ ਵਾਂ ।

ਮੇਰੇ ਦਿਲ ਨੂੰ ਕਿੰਨਾਂ ਚਾਅ ਸੀ ਬਦਲਣ ਦਾ
ਹੁਣ ਮੈਂ ਆਪਣਾ ਭੇਸ ਵਟਾ ਕੇ ਰੋਨਾ ਵਾਂ ।

ਖ਼ਵਰੇ 'ਅਜਮਲ' ਰੋਣ ਦੀ ਮੈਨੂੰ ਆਦਤ ਏ
ਹਸਦੇ ਫੁੱਲਾਂ ਨੂੰ ਗਲ ਲਾ ਕੇ ਰੋਨਾ ਵਾਂ ।