ਪਾਣੀ ʼਤੇ ਤਸਵੀਰ ਬਣਾਵੇ

ਪਾਣੀ ʼਤੇ ਤਸਵੀਰ ਬਣਾਵੇ।
ਕੋਈ ਅਜਮਲ ਨੂੰ ਸਮਝਾਵੇ।

ਆਪੇ ਝੱਲਾ ਦੀਵੇ ਬਾਲ਼ੇ
ਆਪੇ ਫੂਕਾਂ ਮਾਰ ਬੁਝਾਵੇ।

ਏਧਰ ਨ੍ਹੇਰਾ, ਓਧਰ ਨ੍ਹੇਰਾ
ਜਾਵੇ ਤੇ ਕੋਈ ਕਿੱਧਰ ਜਾਵੇ।

ਉਹਦੀ ਅੱਖ ਪੁਰਸ਼ੋਰ ਸਮੁੰਦਰੀ
ਦਿਲ ਦੀਵਾਨਾ ਡੁੱਬਦਾ ਜਾਵੇ।

ਮੇਰੇ ਵਿਹੜੇ ਸੂਰਜ ਉੱਗੇ
ਮੇਰੇ ਘਰ ਵੀ ਚਾਨਣ ਆਵੇ।

ਯਾਦ ਕਿਸੇ ਦੀ ਬਦਲੀ ਬਣਕੇ
ਖੁਸ਼ਬੂਆਂ ਦਾ ਮੀਂਹ ਬਰਸਾਵੇ।

ਜਿੰਨ੍ਹਾਂ ਮੈਨੂੰ ਸਾੜ ਮੁਕਾਇਐ
'ਅਜਮਲ' ਮੁੜ ਉਹ ਮੌਸਮ ਆਵੇ।