ਚੰਨ ਜਿਹੇ ਜਦ ਲੋਕ ਦਿਲਬਰ ਹੋ ਗਏ

ਚੰਨ ਜਿਹੇ ਜਦ ਲੋਕ ਦਿਲਬਰ ਹੋ ਗਏ
ਤਾਰਿਆਂ ਦੇ ਵਾਂਗ ਅੱਖਰ ਹੋ ਗਏ

ਨਫ਼ਰਤਾਂ ਦੇ ਸ਼ਹਿਰ ਦੇ ਵਿਚ ਆਨ ਕੇ
ਕੱਚ ਦੇ ਜਜ਼ਬੇ ਵੀ ਖੰਗਰ ਹੋ ਗਏ

ਹਿਜਰ ਦੇ ਇਕ ਪਲ 'ਚ ਐਨਾ ਦਰਦ ਸੀ
ਨੈਣ ਗੋਰੀ ਦੇ ਸਮੁੰਦਰ ਹੋ ਗਏ

ਵਸਲ ਦੇ ਵੇਲੇ ਸੀ ਐਨੇ ਚਾਅ ਚੜ੍ਹੇ
ਸਾਹ ਮੇਰੇ ਸੀਨੇ 'ਚ ਝਾਂਜਰ ਹੋ ਗਏ

ਸੋਚ ਦੀ ਖੇਤੀ ਬੜੀ ਜ਼ਰਖ਼ੇਜ਼ ਸੀ
ਉਹਦੇ ਸਾਹਵੇਂ ਹਰਫ਼ ਬੰਜਰ ਹੋ ਗਏ

ਮੌਸਮਾਂ ਦੇ ਮੂੰਹ ਤੇ ਜ਼ਰਦੀ ਦੇਖਕੇ
ਪੰਛੀਆਂ ਦੇ ਗੀਤ ਪੱਥਰ ਹੋ ਗਏ

ਰੁੱਖ ਤੂੰ ਲਾਏ ਗ਼ਮਾਂ ਦੇ ਸੀ ਕਦੀ
ਅੱਜ ਉਹ ਮੇਰੇ ਬਰਾਬਰ ਹੋ ਗਏ

ਚਾਨਣੀ ਦਾ ਰੂਪ ਅਕਰਮ ਧਾਰ ਕੇ
ਆਸ ਦੇ ਸੁਫ਼ਨੇ ਵੀ ਸੁੰਦਰ ਹੋ ਗਏ