ਕਿਸਰਾਂ ਫਿਰ ਉਸ ਬੇਵਾ ਮਾਂ ਦੇ ਦਿਲ ਵਿਚ ਡਰ ਨਾ ਹੋਵੇ

ਕਿਸਰਾਂ ਫਿਰ ਉਸ ਬੇਵਾ ਮਾਂ ਦੇ ਦਿਲ ਵਿਚ ਡਰ ਨਾ ਹੋਵੇ
ਜਿਸ ਦਾ ਗਭਰੂ ਪੁੱਤਰ ਸ਼ਾਮਾਂ ਵੇਲੇ ਘਰ ਨਾ ਹੋਵੇ ।

ਆਪਣੀ ਪਾਰੇ ਵਰਗੀ ਏਸ ਤਬੀਅਤ ਪਾਰੋਂ ਸੱਜਣਾ
ਉਮਰਾਂ ਤੀਕਰ ਕੱਠੇ ਰਹਿਣ ਦੀ ਹਾਮੀ ਭਰ ਨਾ ਹੋਵੇ ।

ਆਪਣੇ ਸੱਜਣ ਦੀ ਬਾਂਹ ਆਪ ਕਿਸੇ ਨੂੰ ਕੌਣ ਫੜਾਉਂਦੈ
ਇਹ ਗੱਲ ਕਹਿਣੀ ਸੌਖੀ ਐਡਾ ਜਿਗਰਾ ਕਰ ਨਾ ਹੋਵੇ ।

ਉਹ ਦਰਿਆਉਂ ਪਾਰ ਖਲੋਤਾ ਮੈਨੂੰ ਵਾਜਾਂ ਮਾਰੇ
ਹੋਂਦ ਮੇਰੀ ਏ ਕੱਚੀ ਮਿੱਟੀ ਮੈਥੋਂ ਤਰ ਨਾ ਹੋਵੇ ।

ਓਸ ਨੂੰ ਆਖੀਂ ਘਰ ਦੀਆਂ ਕੰਧਾਂ ਦੇ ਸੰਗ ਯਾਰੀ ਰੱਖੇ
ਮੇਰੇ ਵਾਂਗੂੰ ਘਰ ਵਿਚ ਰਹਿਕੇ ਉਹ ਬੇਘਰ ਨਾ ਹੋਵੇ ।