ਸੁੱਕੇ ਹਰਿਆਂ ਕਰ-ਕਰ ਸਾਡੇ ਜੁੱਸੇ ਹੋ ਗਏ ਬੱਗੇ

ਸੁੱਕੇ ਹਰਿਆਂ ਕਰ-ਕਰ ਸਾਡੇ ਜੁੱਸੇ ਹੋ ਗਏ ਬੱਗੇ
ਫੇਰ ਬਹਾਰ ਆਈ ਤੇ ਮੌਜਾਂ ਮਾਨਣ ਵਾਲੇ ਅੱਗੇ

ਸਾਡੇ ਦੁੱਖ ਅਜਬ ਨੇ ਲੋਕਾ ਅਸੀਂ ਤਾਂ ਉਹ ਆਂ ਜਿਹੜੇ
ਹਾਰਿਆਂ ਅੱਗੇ ਹਾਰੇ, ਠੱਗਿਆਂ ਹੋਇਆਂ ਕੋਲੋਂ ਠੱਗੇ

ਸਾਨੂੰ ਐਥੇ ਜੋਅ ਕੇ ਕਿਸਮਤ ਖ਼ੁਦ ਤਿਰਹਾਈ ਸੋ ਗਈ
ਸਾਡਾ ਪੰਧ ਨਾ ਮੁੱਕਿਆ ਅਸਾਂ ਪੁਰਾਣੇ ਖੂਹ ਦੇ ਢੱਗੇ

ਤੋੜ ਹਿਆਤੀ ਦੁਨੀਆਂ ਅੰਦਰ ਇੰਜ ਹੀ ਚਾਨਣ ਵੰਡੀਂ
ਕਦੇ ਵੀ ਤੈਨੂੰ ਸੂਰਜ ਪੁਤਰਾ ਤੱਤੀ ਵਾ ਨਾ ਲੱਗੇ

ਮੁਸਤਕਬਿਲ ਨੂੰ ਕਿਧਰੇ ਰਾਹ ਵਿਚ ਛੱਡ-ਛਡਾਕੇ 'ਅੰਜੁਮ'
ਆਪਣੇ ਪਿੱਛੇ ਲਗ ਕੇ ਕਿੰਨਾ ਲੰਘ ਆਇਆ ਹਾਂ ਅੱਗੇ