ਹੁਣ ਕਿਸ ਥੀਂ ਆਪ ਛੁਪਾਈ ਦਾ

ਹੁਣ ਕਿਸ ਥੀਂ ਆਪ ਛਪਾਈ ਦਾ

ਕਿਤੇ ਮੁੱਲਾਂ ਬਾਂਗ ਬੁਲੇਂਦੇ ਹੋ
ਕਿਤੇ ਸੁਨੰਤ ਫ਼ਰਜ਼ ਦਸੇਂਦੇ ਹੋ
ਕਿਤੇ ਰਾਮ ਦੁਹਾਈ ਦਿੰਦੇ ਹੋ
ਕਿਤੇ ਮੱਥੇ ਤਿਲਕ ਲਗਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਮੈਂ ਮੇਰੀ ਹੈ ਕਿ ਤੇਰੀ ਹੈ
ਇਹ ਅੰਤ ਭਸਮ ਦੀ ਢੇਰੀ ਹੈ
ਇਹ ਢੇਰੀ ਪੀਆ ਨੇ ਘੇਰੀ ਹੈ
ਢੇਰੀ ਨੂੰ ਨਾਚ ਨਚਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਕਿਤੇ ਬੈਂਸਰ ਚੂੜਾ ਪਾਓਗੇ
ਕਿਤੇ ਜੋੜਾ ਪਾ ਹੰਢਾਓਗੇ
ਕਿਤੇ ਆਦਮ ਹਵਾ ਬਣ ਜਾਓਗੇ
ਕਦੀ ਮੈਥੋਂ ਵੀ ਭੁੱਲ ਜਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਬਾਹਰ ਜ਼ਾਹਰ ਡੇਰਾ ਪਾਇਓ
ਆਪੇ ਢੋਂ ਢੋਂ ਢੋਲ ਬਜਾਇਓ
ਜੱਗ ਤੇ ਅਪਣਾ ਆਪ ਜਤਾਇਓ
ਫਿਰ ਅਬਦੁੱਲਾਹ ਦੇ ਘਰ ਧਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਜੋ ਭਾਲ਼ ਤੁਸਾਡੀ ਕਰਦਾ ਹੈ
ਮੋਇਆਂ ਤੋਂ ਅੱਗੇ ਮਰਦਾ ਹੈ
ਮੋਇਆਂ ਭੀ ਤੇਥੋਂ ਡਰਦਾ ਹੈ
ਮੱਤ ਮੋਇਆਂ ਮੋੜ ਕੁਹਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਬਿੰਦਰਾ ਬਨ ਮੈਂ ਗਊਆਂ ਚਰਾਵੇ
ਲੰਕਾ ਚੜ੍ਹ ਕੇ ਨਾਦ ਵਜਾਵੇ
ਮੱਕੇ ਦਾ ਬਣ ਹਾਜੀ ਆਵੇ
ਵਾਹਵਾ ਰੰਗ ਵਟਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਮਨਸੂਰ ਤੁਸਾਂ ਤੇ ਆਇਆ ਹੈ
ਤੁਸਾਂ ਸੂਲੀ ਪਗੜ ਚੜ੍ਹਾਇਆ ਹੈ
ਮੇਰਾ ਭਾਈ ਬਾਬਲ ਜਾਇਆ ਹੈ
ਦਿਓ ਖ਼ੂਨ ਬਹਾ ਮੇਰੇ ਭਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਤੁਸੀਂ ਸਭਨੀਂ ਭੇਸੀਂ ਥੀਂਦੇ ਹੋ
ਮੈਨੂੰ ਹਰ ਜਾ ਤੁਸੀਂ ਦਸੀਂਦੇ ਹੋ
ਮੱਧ ਆਪੇ, ਆਪੇ ਪੀਂਦੇ ਹੋ
ਆਪੇ ਕੁ ਆਪ ਛਕਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਹੁਣ ਪਾਸ ਤੁਸਾਡੇ ਵੱਸਾਂ ਗੀ
ਨਾ ਬੇ-ਦਿਲ ਹੋ ਕੇ ਨੱਸਾਂ ਗੀ
ਸਭ ਭੇਤ ਤੁਸਾਡੇ ਦੱਸਾਂ ਗੀ
ਕਿਉਂ ਮੈਨੂੰ ਅੰਗ ਨਾ ਲਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਵਾਹ ਜਿਸ ਪਰ ਕਰਮ ਅਵਿਹਾ ਹੈ
ਤਹਿਕੀਕ ਉਹ ਭੀ ਤੈਂ ਜਿਹਾ ਹੈ
ਸੱਚ ਸਹੀ ਰਵਇੱਤ ਇਹਾ ਹੈ
ਤੇਰੀ ਨਜ਼ਰ ਮਹਿਰ ਤਰ ਜਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਵਿਚ ਭਾਂਬੜ ਬਾਗ਼ ਲਵਾਈ ਦਾ
ਜਿਹੜਾ ਵਿਚੋਂ ਆਪ ਵਖਾਈ ਦਾ
ਜਾਂ ਅਲਫ਼ੋਂ ਅਹਿਦ ਬਣਾਈ ਦਾ
ਤਾਂ ਬਾਤਨ ਕਿਆ ਬਤਲਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਬੇਲੀ ਅੱਲਾਹ ਵਾਲੀ ਮਾਲਿਕ ਹੋ
ਤੁਸੀਂ ਆਪੇ ਆਪਣੇ ਸਾਲਿਕ ਹੋ
ਆਪੇ ਖ਼ਲਕਤ ਆਪੇ ਖ਼ਾਲਿਕ ਹੋ
ਆਪੇ ਅਮਰ ਮਾਅਰੂਫ਼ ਕਰਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ


ਕਿਧਰੇ ਚੋਰ ਹੋ, ਕਿਧਰੇ ਕਾਜ਼ੀ ਹੋ
ਕਿਤੇ ਮੰਬਰ ਤੇ ਬਹਿ ਵਾਅਜ਼ੀ ਹੋ
ਕਿਤੇ ਤੈਗ਼ ਬਹਾਦਰ ਗ਼ਾਜ਼ੀ ਹੋ
ਆਪੇ ਪਰ ਕਟਕ ਚੜ੍ਹਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਆਪੇ ਯੂਸੁਫ਼ ਕੈਦ ਕਰਾਇਓ
ਯੂਨਸ ਮਛਲੀ ਤੋਂ ਨਿਗਲਾਇਓ
ਸਾਬਰ ਕੀੜੇ ਘੱਤ ਬਹਾਇਓ
ਫਿਰ ਉਨ੍ਹਾਂ ਤਖ਼ਤ ਚੜ੍ਹਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਬੁੱਲ੍ਹਾਹੁਣ ਸਹੀ ਸੁੰਝਾਤੇ ਹੋ
ਹਰ ਸੂਰਤ ਨਾਲ਼ ਪਛਾਤੇ ਹੋ
ਕਿਤੇ ਆਤੇ ਹੋ, ਕਿਤੇ ਜਾਤੇ ਹੋ
ਹੁਣ ਮੈਥੋਂ ਭੁੱਲ ਨਾ ਜਾਈ ਦਾ

ਹੁਣ ਕਿਸ ਥੀਂ ਆਪ ਛੁਪਾਈ ਦਾ

ਬੁੱਲ੍ਹਾ! ਮੈਂ ਸ਼ੋਹ ਵੱਲ ਮਾਇਲ ਹਾਂ
ਝਬ ਕਰੋ ਇਨਾਇਤ ਸਾਇਲ ਹਾਂ
ਇਹ ਸਾਇਲ ਕੀ? ਮੈਂ ਘਾਇਲ ਹਾਂ
ਘਾਇਲ ਤੋਂ ਆਪ ਛੁਪਾਈ ਦਾ?

ਹੁਣ ਕਿਸ ਥੀਂ ਆਪ ਛਪਾਈ ਦਾ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 399 ( ਹਵਾਲਾ ਵੇਖੋ )