ਆਪਣੇ ਸੰਗ ਰਲਾਈਂ ਪਿਆਰੇ

ਆਪਣੇ ਸੰਗ ਰਲਾਈਂ ਪਿਆਰੇ, ਆਪਣੇ ਸੰਗ ਰਲਾਈਂ

ਪਹਿਲੇ ਨਿਉਂ ਲਗਾਇਆ ਸੀ ਤੈਂ, ਆਪੇ ਚਾਈਂ ਚਾਈਂ
ਮੈਂ ਲਾਇਆ ਹੈ ਕਿ ਤੁਧ ਲਾਇਆ, ਆਪਣੀ ਔਰ ਨਿਭਾਈਂ
ਰਾਹ ਪਵਾਂ ਤੇ ਧਾੜੇ ਬੇਲੇ, ਜੰਗਲ਼, ਲੱਖ ਬਲਾਈਂ
ਬੂਕਣ ਚੇਤੇ ਚਿੱਤ ਮਿਚੱਤੇ, ਭੋਗਣ ਕਰਨ ਅਦਾਈਂ
ਤੇਰੇ ਪਾਰ ਜਗਾਤਰ ਚੜ੍ਹਿਆ, ਕੰਢੇ ਲੱਖ ਬਲਾਈਂ
ਹੋਲ ਦਿਲੇ ਤੋਂ ਥਰ ਥਰ ਕੰਬਦਾ, ਬੇੜਾ ਪਾਰ ਲੰਘਾਈਂ
ਕਰ ਲੈ ਬੰਦਗੀ ਰੱਬ ਸੱਚੇ ਦੀ, ਪਵਨ ਕਬੂਲ ਦੁਆਈਂ
ਬੁਲ੍ਹੇ ਸ਼ਾਹ ਨੂੰ ਸ਼ੋਹ ਦਾ ਮੁਖੜਾ ਘੂੰਗਟ ਖੋਲ ਵਿਖਾਈਂ

ਆਪਣੇ ਸੰਗ ਰਲਾਈਂ ਪਿਆਰੇ, ਆਪਣੇ ਸੰਗ ਰਲਾਈਂ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 63 ( ਹਵਾਲਾ ਵੇਖੋ )