ਇਸ਼ਕ ਦੀ ਨਵੀਓਂ ਨਵੀਂ ਬਹਾਰ

ਇਸ਼ਕ ਦੀ ਨਵੀਓਂ ਨਵੀਂ ਬਹਾਰ

ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ
ਮਸਜਦ ਕੋਲੋਂ ਜੀਉੜਾ ਡਰਿਆ
ਪੁਛ ਪੁਛ ਠਾਕਰ ਦਵਾਰੇ ਵੜਿਆ
ਜਿੱਥੇ ਵੱਜਦੇ ਨਾਦ ਹਜ਼ਾਰ

ਇਸ਼ਕ ਦੀ ਨਵੀਓਂ ਨਵੀਂ ਬਹਾਰ

ਵੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ
ਸੱਜਦੇ ਕਰਦਿਆਂ ਘੱਸ ਗਏ ਮੱਥੇ
ਨਾ ਰੱਬ ਤੀਰਥ ਨਾ ਰੱਬ ਮੱਕੇ
ਜਿਸ ਪਾਇਆ ਤਿਸ ਨੂਰ ਅਨਵਾਰ

ਇਸ਼ਕ ਦੀ ਨਵੀਓਂ ਨਵੀਂ ਬਹਾਰ

ਫੂਕ ਮੁਸੱਲੇ ਭੰਨ ਸੁੱਟ ਲੋਟਾ
ਨਾ ਫੜ ਤਸਬੀ ਆਸਾ ਸੋਟਾ
ਆਸ਼ਕ ਕਹਿੰਦੇ ਦੇ ਦੇ ਹੋਕਾ
ਤਰਕ ਹਲਾਲੋਂ, ਖਾਹ ਮੁਰਦਾਰ

ਇਸ਼ਕ ਦੀ ਨਵੀਓਂ ਨਵੀਂ ਬਹਾਰ

ਹੀਰ ਰਾਂਝੇ ਦੇ ਹੋ ਗਏ ਮੇਲੇ
ਭੁੱਲੀ ਹੀਰ ਢੂੰਡੇਂਦੀ ਬੇਲੇ
ਰਾਂਝਾ ਯਾਰ ਬਗ਼ਲ ਵਿਚ ਖੇਲੇ
ਸੁਰਤ ਨਾ ਰਹਿਆ, ਸੁਰਤ ਸੰਭਾਰ

ਇਸ਼ਕ ਦੀ ਨਵੀਓਂ ਨਵੀਂ ਬਹਾਰ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 224 ( ਹਵਾਲਾ ਵੇਖੋ )