ਇਕ ਨੁਕਤੇ ਵਿਚ ਗੱਲ ਮੁੱਕਦੀ ਏ

ਫੜ ਨੁਕਤਾ, ਛੋੜ ਹਿਸਾਬਾਂ ਨੂੰ
ਛੱਡ ਦੋਜ਼ਖ਼, ਗੋਰ ਅਜ਼ਾਬਾਂ ਨੂੰ
ਕਰ ਬੰਦ ਕੁਫ਼ਰ ਦਿਆਂ ਬਾਬਾਂ ਨੂੰ
ਕਰ ਸਾਫ਼ ਦਿਲੇ ਦਿਆਂ ਖ਼ਵਾਬਾਂ ਨੂੰ

ਗੱਲ ਏਸੇ ਘਰ ਵਿਚ ਢੁਕਦੀ ਏ
ਇਕ ਨੁਕਤੇ ਵਿਚ ਗੱਲ ਮੁੱਕਦੀ ਏ

ਐਵੇਂ ਮੱਥਾ ਜ਼ਿਮੀਂ ਘਸਾਈ ਦਾ
ਪਾ ਲਤਾ ਮਹਿਰਾਬ ਦਿਖਾਈ ਦਾ
ਪੜ੍ਹ ਕਲਮਾ ਲੋਕ ਹਸਾਈ ਦਾ
ਦਿਲ ਅੰਦਰ ਸਮਝ ਨਾ ਲਾਈਦਾ

ਕਦੀ ਸੱਚੀ ਬਾਤ ਵੀ ਲੁਕਦੀ ਏ
ਇਕ ਨੁਕਤੇ ਵਿਚ ਗੱਲ ਮੁੱਕਦੀ ਏ

ਇਕ ਜੰਗਲ਼ ਬਹਰੀਂ ਜਾਂਦੇ ਨੇ
ਇਕ ਦਾਣਾ ਰੋਜ਼ ਦਾ ਖਾਂਦੇ ਨੇ
ਬੇ ਸਮੱਝ ਵਜੂਦ ਥਕਾਂਦੇ ਨੇ
ਘਰ ਆਉਣ ਹੋ ਕੇ ਮਾਂਦੇ ਨੇ

ਚਿੱਲਿਆਂ ਅੰਦਰ ਜਿੰਦ ਸੁਕਦੀ ਏ
ਇਕ ਨੁਕਤੇ ਵਿਚ ਗੱਲ ਮੁੱਕਦੀ ਏ

ਕਈ ਹਾਜੀ ਬਣ ਬਣ ਆਏ ਜੀ
ਗੱਲ ਨੀਲੇ ਜਾਮੇ ਪਾਏ ਜੀ
ਹੱਜ ਵੇਚ ਟਕੇ ਲੈ ਖਾਏ ਜੀ
ਪਰ ਇਹ ਗਲ ਕਿਹਨੂੰ ਭਾਏ ਜੀ

ਕਿਤੇ ਸੱਚੀ ਗੱਲ ਵੀ ਰੁਕਦੀ ਏ
ਇਕ ਨੁਕਤੇ ਵਿਚ ਗੱਲ ਮੁੱਕਦੀ ਏ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 75 ( ਹਵਾਲਾ ਵੇਖੋ )