ਇਲਮੋਂ ਬੱਸ ਕਰੀਂ ਓ ਯਾਰ

ਇਲਮੋਂ ਬੱਸ ਕਰੀਂ ਓ ਯਾਰ
ਇਕੋ ਅਲਫ਼ ਤੇਰੇ ਦਰਕਾਰ

ਇਲਮ ਨਾ ਆਵੇ ਵਿਚ ਸ਼ੁਮਾਰ
ਜਾਂਦੀ ਉਮਰ ਨਹੀਂ ਇਤਬਾਰ
ਇਕੋ ਅਲਫ਼ ਤੇਰੇ ਦਰਕਾਰ

ਇਲਮੋਂ ਬੱਸ ਕਰੀਂ ਓ ਯਾਰ

ਪੜ੍ਹ ਪੜ੍ਹ, ਲਿਖ ਲਿਖ ਲਾਵੇਂ ਢੇਰ
ਢੇਰ ਕਿਤਾਬਾਂ ਚਾਰ ਚੌਫੇਰ
ਗਿਰਦੇ ਚਾਨਣ, ਵਿਚ ਅਨ੍ਹੇਰ
ਪੁੱਛੋ ਰਾਹ? ਤੇ ਖ਼ਬਰ ਨਾ ਸਾਰ

ਇਲਮੋਂ ਬੱਸ ਕਰੀਂ ਓ ਯਾਰ

ਪੜ੍ਹ ਪੜ੍ਹ ਸ਼ੇਖ ਮਸ਼ਾਇਖ਼ ਹੋਇਆ
ਭਰ ਭਰ ਪੇਟ ਨੀਂਦਰ ਭਰ ਸੋਇਆ
ਜਾਂਦੀ ਵਾਰੀ ਨੈਣ ਭਰ ਰੋਇਆ
ਡੁੱਬਾ ਵਿਚ ਉਰਾਰ ਨਾ ਪਾਰ

ਇਲਮੋਂ ਬੱਸ ਕਰੀਂ ਓ ਯਾਰ

ਪੜ੍ਹ ਪੜ੍ਹ ਸ਼ੇਖ਼ ਮਸ਼ਾਇਖ਼ ਕਹਾਵੇਂ
ਉਲਟੇ ਮਸਲੇ ਘਰੋਂ ਬਣਾਵੇਂ
ਬੇ ਇਲਮੋਂ ਨੂੰ ਲੁੱਟ ਲੁੱਟ ਖਾਵੇਂ
ਝੂਠੇ ਸੱਚੇ ਕਰੇਂ ਇਕਰਾਰ

ਇਲਮੋਂ ਬੱਸ ਕਰੀਂ ਓ ਯਾਰ

ਪੜ੍ਹ ਪੜ੍ਹ ਨਫ਼ਲ ਨਮਾਜ਼ ਗਿਜ਼ਾਰੇਂ
ਉੱਚੀਆਂ ਬਾਂਗਾਂ ਚਾਂਘਾਂ ਮਾਰੇਂ
ਮੰਬਰ ਤੇ ਚੜ੍ਹ ਵਾਅਜ਼ ਪੁਕਾਰੇਂ
ਕੀਤਾ ਤੈਨੂੰ ਇਲਮ ਖ਼ਵਾਰ

ਇਲਮੋਂ ਬੱਸ ਕਰੀਂ ਓ ਯਾਰ

ਪੜ੍ਹ ਪੜ੍ਹ ਮੁਲਾਂ ਹੋਏ ਕਾਜ਼ੀ
ਅੱਲਾਹ ਇਲਮਾਂ ਬਾਝੋਂ ਰਾਜ਼ੀ
ਹੋਵੇ ਹਿਰਸ ਦਿਨੋਂ ਦਿਨ ਤਾਜ਼ੀ
ਤੈਨੂੰ ਕੀਤਾ ਹਿਰਸ ਖ਼ਵਾਰ

ਇਲਮੋਂ ਬੱਸ ਕਰੀਂ ਓ ਯਾਰ

ਪੜ੍ਹ ਪੜ੍ਹ ਮਸਲੇ ਰੋਜ਼ ਸੁਣਾਵੇਂ
ਖਾਣਾ ਸ਼ੱਕ ਸ਼ੁਬੇ ਦਾ ਖਾਵੇਂ
ਦੱਸੇਂ ਹੋਰ, ਤੇ ਹੋਰ ਕਮਾਵੇਂ
ਅੰਦਰ ਖੋਟ, ਬਾਹਰ ਸਚਿਆਰ

ਇਲਮੋਂ ਬੱਸ ਕਰੀਂ ਓ ਯਾਰ

ਪੜ੍ਹ ਪੜ੍ਹ ਇਲਮ ਨਜੂਮ ਬਿਚਾਰੇਂ
ਗਿਣਦਾ ਰਾਸਾਂ ਬੁਰਜ ਸਤਾਰੇ
ਪੜ੍ਹੇ ਅਜੀਮਤਾਂ ਮੰਤਰ ਝਾੜੇ
ਅਬਜਦ ਗਿਣੇ ਤਾਅਵੀਜ਼ ਸ਼ੁਮਾਰ

ਇਲਮੋਂ ਬੱਸ ਕਰੀਂ ਓ ਯਾਰ

ਇਲਮੋਂ ਪਏ ਕਜ਼ੀਏ ਹੋਰ
ਅੱਖੀਂ ਵਾਲੇ ਅੰਨੇ ਕੋਰ
ਫਿਰਦੇ ਸਾਧ ਤੇ ਛੱਡੇ ਚੋਰ
ਦੋਹੀਂ ਜਹਾਨੀਂ ਹੋਣ ਖ਼ਵਾਰ

ਇਲਮੋਂ ਬੱਸ ਕਰੀਂ ਓ ਯਾਰ

ਇਲਮੋਂ ਪਏ ਹਜਾਰਾਂ ਫਸਤੇ
ਰਾਹੀ ਅਟਕ ਰਹੇ ਵਿਚ ਰਸਤੇ
ਮਾਰਿਆ ਹਿਜਰ ਹੋਏ ਦਿਲ ਖਸਤੇ
ਪਿਆ ਵਿਛੋੜੇ ਦਾ ਸਿਰ ਭਾਰ

ਇਲਮੋਂ ਬੱਸ ਕਰੀਂ ਓ ਯਾਰ

ਇਲਮੋਂ ਮੀਆਂ ਜੀ ਕਹਾਵੇਂ
ਤੰਬਾ ਚੁੱਕ ਚੁੱਕ ਮੰਡੀ ਜਾਵੇਂ
ਧੇਲਾ ਲੈ ਕੇ ਛੁਰੀ ਚਲਾਵੇਂ
ਨਾਲ ਕਸਾਈਆਂ ਬਹੁਤ ਪਿਆਰ

ਇਲਮੋਂ ਬੱਸ ਕਰੀਂ ਓ ਯਾਰ

ਬਹੁਤਾ ਇਲਮ ਅਜਾਜੀਲ ਲੇ ਪੜ੍ਹਿਆ
ਝੁੱਗਾ ਝਾਹਾ ਓਸੇ ਦਾ ਸੜਿਆ
ਗੱਲ ਵਿਚ ਤੌਕ ਲਾਅਨਤ ਦਾ ਪੜਿਆ
ਆਖਿਰ ਗਿਆ ਉਹ ਬਾਜੀ ਹਾਰ

ਇਲਮੋਂ ਬੱਸ ਕਰੀਂ ਓ ਯਾਰ

ਜਦ ਮੈਂ ਸਬਕ ਇਸ਼ਕ ਦਾ ਪੜ੍ਹਿਆ
ਦਰਿਆ ਦੇਖ ਵਹਦੱਤ ਦਾ ਵੜਿਆ
ਘੁੰਮਣ ਘੇਰਾਂ ਦੇ ਵਿਚ ਅੜਿਆ
ਸ਼ਾਹ ਇਨਾਇਅੱਤ ਲਾਇਆ ਪਾਰ

ਇਲਮੋਂ ਬੱਸ ਕਰੀਂ ਓ ਯਾਰ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 227 ( ਹਵਾਲਾ ਵੇਖੋ )