ਰਾਂਝਾ ਰਾਂਝਾ ਕਰਦੀ ਨੀ

ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ

ਰਾਂਝਾ ਮੈਂ ਵਿਚ, ਮੈਂ ਰਾਂਝੇ ਵਿਚ, ਮੈਨੂੰ ਹੋਰ ਖ਼ਿਆਲ ਨਾ ਕੋਈ
ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲ ਜੋਈ
ਜੋ ਕੋਈ ਸਾਡੇ ਅੰਦਰ ਵੱਸੇ, ਜ਼ਾਤ ਅਸਾਡੀ ਸੋ ਈ
ਹੱਥ ਖੂੰਡੀ ਮੇਰੇ ਅੱਗੇ ਮੰਗੂ, ਮੋਢੇ ਭੂਰਾ ਲੋਈ
ਬੁੱਲ੍ਹਾ ਹੀਰ ਸਲੇਟੀ ਵੇਖੋ, ਕਿੱਥੇ ਜਾ ਖਲੋਈ
ਜਿਸ ਦੇ ਨਾਲ਼ ਮੈਂ ਨੇਹੁੰ ਲਗਾਇਆ, ਉਹੋ ਜਿਹੀ ਹੋਈ
ਤਖ਼ਤ ਹਜ਼ਾਰੇ ਲੈ ਚੱਲ ਬੁਲ੍ਹਿਆ, ਸਿਆਲੀਂ ਮਿਲੇ ਨਾ ਢੋਈ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 186 ( ਹਵਾਲਾ ਵੇਖੋ )