ਉਲਟੇ ਹੋਰ ਜ਼ਮਾਨੇ ਆਏ

ਉਲਟੇ ਹੋਰ ਜ਼ਮਾਨੇ ਆਏ

ਕਾਂ ਲਗੜ ਨੂੰ ਮਾਰਨ ਲੱਗੇ
ਚਿੜੀਆਂ ਜੁੱਰੇ ਖਾਏ

ਉਲਟੇ ਹੋਰ ਜ਼ਮਾਨੇ ਆਏ

ਇਰਾਕੀਆਂ ਨੂੰ ਪਈ ਚਾਬਕ ਪਾਉਂਦੀ
ਗੱਧੋਂ ਖ਼ੁਦ ਪਵਾਏ

ਉਲਟੇ ਹੋਰ ਜ਼ਮਾਨੇ ਆਏ

ਆਪਣੀਆਂ ਦੇ ਵਿਚ ਉਲਫ਼ਤ ਨਾਹੀਂ
ਕਿਆ ਚਾਚੇ ਕਿਆ ਤਾਏ

ਉਲਟੇ ਹੋਰ ਜ਼ਮਾਨੇ ਆਏ

ਪਿਓ ਪੁੱਤਰਾਂ ਇਤਫ਼ਾਕ ਨਾ ਕਾਈ
ਧੀਆਂ ਨਾਲ਼ ਨਾ ਮਾਈਂ

ਉਲਟੇ ਹੋਰ ਜ਼ਮਾਨੇ ਆਏ

ਸੱਚਿਆਂ ਨੂੰ ਪਏ ਮਿਲਦੇ ਧੱਕੇ
ਝੂਟੇ ਕੋਲ਼ ਬਹਾਏ

ਉਲਟੇ ਹੋਰ ਜ਼ਮਾਨੇ ਆਏ

ਅਗਲੇ ਜਾ ਬੰਗਾਲੇ ਬੈਠੇ
ਪਿਛਲਿਆਂ ਫ਼ਰਸ਼ ਵਿਛਾਏ

ਉਲਟੇ ਹੋਰ ਜ਼ਮਾਨੇ ਆਏ

ਭੂਰਿਆਂ ਵਾਲੇ ਰਾਜੇ ਕੀਤੇ
ਰਾਜਿਆਂ ਭੀਕ ਮੰਗਾਏ

ਉਲਟੇ ਹੋਰ ਜ਼ਮਾਨੇ ਆਏ

ਬੁੱਲ੍ਹਾ ਹੁਕਮ ਹਜ਼ੂਰੋਂ ਆਇਆ
ਤਿਸ ਨੂੰ ਕੌਣ ਹਟਾਏ

ਉਲਟੇ ਹੋਰ ਜ਼ਮਾਨੇ ਆਏ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 80 ( ਹਵਾਲਾ ਵੇਖੋ )