ਉੱਠ ਜਾਗ ਘੁਰਾੜੇ ਮਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਇਕ ਰੋਜ਼ ਜਹਾਨੋਂ ਜਾਣਾ ਹੈ
ਜਾ ਕਬਰੇ ਵਿਚ ਸਮਾਣਾ ਹੈ
ਤੇਰਾ ਗੋਸ਼ਤ ਕੀੜਿਆਂ ਖਾਣਾ ਹੈ
ਕਰ ਚੇਤਾ ਮਰਗ ਵਿਸਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਤੇਰਾ ਸਾਹਾ ਨੇੜੇ ਆਇਆ ਹੈ
ਕੁਝ ਚੋਲ਼ੀ ਦਾਜ ਰੰਗਾਇਆ ਹੈ?
ਕਿਉਂ ਅਪਣਾ ਆਪ ਵੰਜਾਇਆ ਹੈ
ਐ ਗ਼ਾਫ਼ਲ ਤੈਨੂੰ ਸਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਤੂੰ ਸੁੱਤਿਆਂ ਉਮਰ ਵੰਝਾਈ ਹੈ
ਤੇਰੀ ਸਾਅੱਤ ਨੇੜੇ ਆਈ ਹੈ
ਤੂੰ ਚਰਖ਼ੇ ਤੰਦ ਨਾ ਪਾਈ ਹੈ
ਕੀ ਕਰਸੇਂ ਦਾਜ ਤਿਆਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਤੂੰ ਜਿਸ ਦਿਨ ਜੋਬਨ ਮੱਤੀ ਸੈਂ
ਤੂੰ ਜਿਸ ਦਿਨ ਸੱਈਆਂ ਦੇ ਰੱਤੀ ਸੈਂ
ਹੋ ਗ਼ਾਫ਼ਲ ਦੁਨੀਆ ਵੱਤੀ ਸੈਂ
ਇਹ ਭੋਰਾ ਤੈਨੂੰ ਸਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਤੂੰ ਮੁਢੋਂ ਬਹੁਤ ਕੁਚੱਜੀ ਸੈਂ
ਨਿਰ ਲੱਜਿਆਂ ਦੀ ਨਿਰ ਲੱਜੀ ਸੈਂ
ਤੂੰ ਖਾ ਖਾਣੇ ਨਾ ਰੱਝੀ ਸੈਂ
ਹੁਣ ਤਾਈਂ ਤੇਰਾ ਬਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਅੱਜ ਕੱਲ੍ਹ ਤੇਰਾ ਮੁਕਲਾਵਾ ਹੈ
ਕਿਉਂ ਸੁੱਤੀ ਕਰ ਕਰ ਦਾਅਵਾ ਹੈ
ਅਨ ਡਿਠਿਆਂ ਨਾਲ਼ ਮਿਲਾਵਾ ਹੈ
ਇਹ ਭਲਕੇ ਗਰਮ ਬਾਜ਼ਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਤੂੰ ਏਸ ਜਹਾਨੋਂ ਜਾਏਂ ਗੀ
ਫਿਰ ਕਦਮ ਨਾ ਏਥੇ ਪਾਏਂ ਗੀ
ਇਹ ਜੋਬਨ ਰੂਪ ਵੰਜਾਏਂ ਗੀ
ਤੈਂ ਰਹਿਣਾ ਵਿਚ ਸੰਸਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਮੰਜ਼ਿਲ ਤੇਰੀ ਦੂਰ ਦੁਰਾਡੀ
ਤੂੰ ਭੌਣਾ ਵਿਚ ਜੰਗਲ਼ ਵਾਦੀ
ਔਖਾ ਪਹੁੰਚਣ ਪੈਰ ਪਿਆਦੀ
ਦਿਸਦੀ ਤੂੰ ਅਸਵਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਇੱਕ ਇਕੱਲੀ ਤਨਹਾ ਜੁਲਸੇਂ
ਜੰਗਲ਼ ਬਰ ਬਰ ਦੇ ਵਿਚ ਰੁਲ਼ਸੇਂ
ਲੈ ਲੈ ਤੋਸ਼ਾ ਐਥੋਂ ਘੁਲ਼ਸੇਂ
ਓਥੇ ਲੈਨ ਉਧਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਓਹ ਖ਼ਾਲੀ ਏ ਸੁੰਝ ਹਵੇਲੀ
ਤੂੰ ਵਿਚ ਰਹਸੇਂ ਇੱਕ ਅਕੇਲੀ
ਓਥੇ ਹੋਸੀ ਹੋਰ ਨਾ ਬੇਲੀ
ਸਾਥ ਕਿਸੇ ਦਾ ਬਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਜਿਹੜੇ ਸਨ ਦੇਸਾਂ ਦੇ ਰਾਜੇ
ਨਾਲ਼ ਜਿਨ੍ਹਾਂ ਦੇ ਵੱਜਦੇ ਵਾਜੇ
ਗਏ ਹੋ ਕੇ ਬੇ ਤਖ਼ਤੇ ਤਾਜੇ
ਕੁਝ ਦੁਨੀਆ ਦਾ ਇਤਬਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਕਿੱਥੇ ਹੈ ਸੁਲਤਾਨ ਸਿਕੰਦਰ
ਮੌਤ ਨਾ ਛੱਡੇ ਪੀਰ ਪੈਗ਼ੰਬਰ
ਸਭੇ ਛੱਡ ਛੱਡ ਗਏ ਅਡੰਬਰ
ਕੋਈ ਏਥੇ ਪਾਏਦਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਕਿੱਥੇ ਯੂਸੁਫ਼, ਮਾਹ ਕਿਨਾਅਨੀ
ਲਈ ਜ਼ੁਲੇਖ਼ਾ ਫੇਰ ਜਵਾਨੀ
ਕੀਤੀ ਮੌਤ ਨੇ ਓੜਕ ਫ਼ਾਨੀ
ਫੇਰ ਉਹ ਹਾਰ ਸੰਘਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਕਿੱਥੇ ਤਖ਼ਤ ਸੁਲੇਮਾਨ ਵਾਲਾ
ਵਿਚ ਹਵਾ ਸੀ ਉੱਡਦਾ ਬਾਲਾ
ਉਹ ਭੀ ਕਾਦਰ ਆਪ ਸੰਭਾਲਾ
ਕੁਝ ਜ਼ਿੰਦਗੀ ਦਾ ਇਤਬਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਕਿੱਥੇ ਮੀਰ ਮੁਲਕ ਸੁਲਤਾਨਾਂ
ਸੁਭੇ ਛੱਡ ਛੱਡ ਗਏ ਟਿਕਾਣਾ
ਕੋਈ ਮਾਰ ਨਾ ਬੈਠੇ ਠਾਣਾ
ਲਸ਼ਕਰ ਦਾ ਜਿਨ੍ਹਾਂ ਸ਼ੁਮਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਫੁੱਲਾਂ ਫੁੱਲ ਚੰਬੇਲੀ ਲਾ ਲਾ
ਸੂਸਨ ਸੁੰਬਲ ਸਰੂ ਨਿਰਾਲਾ
ਬਾਦੇ-ਖ਼ਿਜ਼ਾਂ ਕੀਤਾ ਬੁਰਹਾਲਾ
ਨਰਗਿਸ ਨਿੱਤ ਖ਼ੁਮਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਜੋ ਕੁਝ ਕਰਸੇਂ ਸੋ ਕੁਝ ਪਾਸੇਂ
ਨਹੀਂ ਤੇ ਓੜਕ ਪੁੱਛੋ ਤਾਸੇਂ
ਸੁੰਜੀ ਕੂੰਜ ਵਾਂਗੂੰ ਕੁਰਲਾ ਸੇਂ
ਖੰਬਾਂ ਬਾਝ ਉਡਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਡੇਰਾ ਕਰਸੇਂ ਉਹਨੀਂ ਜਾਈਂ
ਜਿਥੇ ਸ਼ੇਰ ਪਲੰਗ ਬੁਲਾਈਂ
ਖ਼ਾਲੀ ਰਹਿਸਨ ਮਹਿਲ ਸਰਾਏਂ
ਫਿਰ ਤੂੰ ਵਿਰਸੇ ਦਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਅਸੀ ਆਜਿਜ਼ ਵਿਚ ਕੋਟ ਇਲਮ ਦੇ
ਓਸੇ ਆਂਦੇ ਵਿਚ ਕਲਮ ਦੇ
ਬਿਨ ਕਲਮੇ ਦੇ ਨਾਹੀਂ ਕੰਮ ਦੇ
ਬਾਝੋਂ ਕਲਮੇ ਪਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ
ਇਹ ਸੌਨ ਤੇਰੇ ਦਰਕਾਰ ਨਹੀਂ

ਬੁੱਲ੍ਹਾ ਸ਼ੋਹ ਬਿਨ ਕੋਈ ਨਾਹੀਂ
ਏਥੇ ਓਥੇ ਦੋਹੀਂ ਸਰਾਏਂ
ਸੰਭਲ ਸੰਭਲ ਕੇ ਕਦਮ ਟਿਕਾਈਂ
ਫਿਰ ਆਉਣ ਦੂਜੀ ਵਾਰ ਨਾਹੀਂ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 64 ( ਹਵਾਲਾ ਵੇਖੋ )